ਪੰਜਾਬ ਵਿਚ ਖੰਨਾ ਪੁਲੀਸ ਜ਼ਿਲ੍ਹੇ ਦੇ ਪਿੰਡ ਗੜ੍ਹੀ ਬੇਟ ਦੇ ਲਾਪਤਾ ਨੌਜਵਾਨ ਜਸਬੀਰ ਸਿੰਘ ਉਮਰ 35 ਸਾਲ ਦੀ ਲਾਸ਼ ਪਿੰਡ ਰਾਹੋਂ ਨੇੜੇ ਸੜਕ ਕਿਨਾਰੇ ਬਣੇ ਖੂਹ ਵਿੱਚੋਂ ਬਰਾਮਦ ਹੋਈ ਹੈ। ਪੁਲੀਸ ਵੱਲੋਂ ਕੀਤੇ ਗਏ ਖ਼ੁਲਾਸੇ ਅਨੁਸਾਰ ਜਸਵੀਰ ਸਿੰਘ ਦਾ ਕਤਲ ਉਸ ਦੀ ਪਤਨੀ ਦੇ ਦਿਉਰ ਪਰਮਿੰਦਰ ਰਾਮ ਉਰਫ਼ ਬਿੰਦੂ ਨਾਲ ਨਾਜਾਇਜ਼ ਸਬੰਧਾਂ ਕਾਰਨ ਹੋਇਆ ਹੈ। ਜਸਵੀਰ ਸਿੰਘ ਦੀ ਪਤਨੀ ਮਮਤਾ ਦੇ ਦਿਉਰ ਪਰਮਿੰਦਰ ਰਾਮ ਨਾਲ ਨਜਾਇਜ਼ ਸਬੰਧ ਸਨ, ਜਿਸ ਕਾਰਨ ਮਮਤਾ ਨੇ ਦਿਉਰ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।
ਡੀ.ਐਸ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਗੜ੍ਹੀ ਬੇਟ ਦਾ ਨੌਜਵਾਨ ਜਸਵੀਰ ਸਿੰਘ ਵਿਦੇਸ਼ ਵਿੱਚ ਰੁਜ਼ਗਾਰ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਵਾਪਸ ਪਿੰਡ ਆਇਆ ਸੀ। ਉਸ ਦੀ ਪਤਨੀ ਮਮਤਾ ਦੇ ਆਪਣੇ ਪਤੀ ਦੇ ਦੂਰ ਰਹਿੰਦੇ ਭਰਾ ਨਾਲ ਨਾਜਾਇਜ਼ ਸਬੰਧ ਬਣ ਗਏ ਅਤੇ ਜਦੋਂ ਉਹ ਵਾਪਸ ਆਪਣੇ ਪਿੰਡ ਆਇਆ ਤਾਂ ਉਸ ਨੂੰ ਇਸ ਦਾ ਪਤਾ ਲੱਗ ਗਿਆ। ਇਸ ਕਾਰਨ ਘਰ ਵਿਚ ਕਲੇਸ਼ ਰਹਿਣ ਲੱਗ ਗਿਆ।
ਦਿਉਰ ਪਰਮਿੰਦਰ ਰਾਮ ਅਤੇ ਉਸਦੀ ਭਰਜਾਈ ਮਮਤਾ ਨੇ ਜਸਬੀਰ ਸਿੰਘ ਨੂੰ ਆਪਣੇ ਨਜਾਇਜ਼ ਸਬੰਧਾਂ ਵਿੱਚ ਅੜਿੱਕਾ ਪਾਉਂਦੇ ਦੇਖ ਕੇ ਉਸ ਨੂੰ ਰਸਤੇ ਵਿੱਚੋਂ ਹਟਾਉਣ ਦੀ ਯੋਜਨਾ ਬਣਾਈ। ਜਸਬੀਰ ਸਿੰਘ 10 ਸਤੰਬਰ ਨੂੰ ਪੀਲੀਏ ਦੇ ਇਲਾਜ ਲਈ ਨਵਾਂਸ਼ਹਿਰ ਗਿਆ ਸੀ ਅਤੇ ਉਥੇ ਰਾਹੋਂ ਵਿਖੇ ਉਸ ਦੀ ਭੂਆ ਦੇ ਲੜਕੇ ਪਰਮਿੰਦਰ ਰਾਮ ਨੇ ਆਪਣੇ ਇਕ ਦੋਸਤ ਬਲਜਿੰਦਰ ਸਿੰਘ ਨਾਲ ਮਿਲ ਕੇ ਸ਼ਰਾਬ ਪੀਤੀ, ਜਿਸ ਤੋਂ ਬਾਅਦ ਜਸਬੀਰ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਪਰਮਿੰਦਰ ਰਾਮ ਅਤੇ ਉਸ ਦੇ ਦੋਸਤ ਬਲਜਿੰਦਰ ਸਿੰਘ ਨੇ ਜਸਬੀਰ ਸਿੰਘ ਦੀ ਲਾਸ਼ ਬੋਰੀ ਵਿੱਚ ਪਾ ਕੇ ਕਾਹਲੋਂ ਨੇੜੇ ਸੜਕ ਕਿਨਾਰੇ ਖੂਹ ਵਿੱਚ ਸੁੱਟ ਦਿੱਤੀ। ਜਦੋਂ ਜਸਬੀਰ ਸਿੰਘ ਘਰ ਨਾ ਆਇਆ ਤਾਂ ਉਸ ਦੇ ਪਿਤਾ ਜੋਗਿੰਦਰ ਨੇ ਥਾਣਾ ਮਾਛੀਵਾੜਾ ਵਿਖੇ ਸ਼ਿਕਾਇਤ ਦਰਜ ਕਰਵਾਈ ਅਤੇ ਬਿਆਨ ਦਿੱਤਾ ਕਿ ਉਸ ਦੀ ਨੂੰਹ ਦੇ ਨਾਜਾਇਜ਼ ਸਬੰਧ ਸਨ, ਜਿਸ ਨੇ ਸਾਜ਼ਿਸ਼ ਤਹਿਤ ਉਸ ਦਾ ਕਤਲ ਕੀਤਾ ਹੈ।
ਡੀਐਸਪੀ ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਸਬੀਰ ਸਿੰਘ ਦੀ ਪਤਨੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਪ੍ਰੇਮੀ ਪਰਮਿੰਦਰ ਰਾਮ ਨੂੰ ਹਿਰਾਸਤ ਵਿੱਚ ਲੈ ਲਿਆ। ਪਰਮਿੰਦਰ ਰਾਮ ਦੀ ਨਿਸ਼ਾਨਦੇਹੀ ‘ਤੇ ਜਸਬੀਰ ਸਿੰਘ ਦੀ ਲਾਸ਼ ਪਿੰਡ ਕਾਹਲੋਂ ਨੇੜੇ ਖੂਹ ‘ਚੋਂ ਬਰਾਮਦ ਕਰ ਲਈ, ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਤਿੰਨਾਂ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਿਸ ‘ਚ ਪਰਮਿੰਦਰ ਰਾਮ ਅਤੇ ਮਮਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਤੀਜੇ ਦੋਸ਼ੀ ਬਲਜਿੰਦਰ ਸਿੰਘ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।