ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸਮਰਾਲਾ ਕਸਬੇ ਵਿੱਚ ਦੇਰ ਸ਼ਾਮ ਇੱਕ ਬੱਸ ਡਰਾਈਵਰ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਲੁਧਿਆਣਾ ਚੰਡੀਗੜ੍ਹ ਰੋਡ ‘ਤੇ ਸਮਰਾਲਾ ਦੇ ਸਿਵਲ ਲਾਈਨ ਨੇੜੇ ਵਾਪਰਿਆ ਹੈ। ਚੰਡੀਗੜ੍ਹ ਵਾਲੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਸਾਹਮਣੇ ਤੋਂ ਆ ਰਹੀ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਹਾਦਸੇ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ 28 ਸਾਲਾ ਕਮਲਦੀਪ ਸਿੰਘ ਵਾਸੀ ਸਮਰਾਲਾ ਵਜੋਂ ਹੋਈ ਹੈ, ਜੋ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਲੋਨ ਦੇਣ ਦਾ ਕੰਮ ਕਰਦਾ ਸੀ। ਉਹ ਆਪਣਾ ਕੰਮ ਖਤਮ ਕਰਕੇ ਮੋਟਰਸਾਈਕਲ ‘ਤੇ ਵਾਪਸ ਆਪਣੇ ਘਰ ਜਾ ਰਿਹਾ ਸੀ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਦੂਜੇ ਪਾਸਿਓਂ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਕਮਲਦੀਪ ਸਿੰਘ ਨੂੰ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏਐਸਆਈ ਸ਼ਿੰਗਾਰਾ ਸਿੰਘ ਨੇ ਦੱਸਿਆ ਹੈ ਕਿ ਅੱਜ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਲਏ ਜਾਣਗੇ। ਪੁਲੀਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾ ਦਿੱਤਾ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਮ੍ਰਿਤਕ ਕਮਲਦੀਪ ਸਿੰਘ ਦੋ ਭਰਾ ਸਨ। ਮ੍ਰਿਤਕ ਵੱਡਾ ਭਰਾ ਸੀ, ਛੋਟਾ ਭਰਾ ਮਾਨਸਿਕ ਰੋਗੀ ਰਹਿੰਦਾ ਹੈ। ਮ੍ਰਿਤਕ ਦੇ ਪਿਤਾ ਦਾ ਦਿਹਾਂਤ ਹੋ ਚੁਕਿਆ ਹੈ।