ਇਹ ਦੁਖਦਾਈ ਖ਼ਬਰ ਪੰਜਾਬ ਦੇ ਤਰਨਤਾਰਨ ਤੋਂ ਸਾਹਮਣੇ ਆਈ ਹੈ। ਇਥੇ ਮੁਹੱਲਾ ਗੁਰੂ ਦੇ ਖੂਹ ਚੌਕ ‘ਚ ਕਲੀਨਿਕ ਚਲਾਉਣ ਵਾਲੀ 42 ਸਾਲਾ ਨਰਸ ਸੁਸ਼ਮਾ ਨੂੰ ਥਾਣਾ ਸਦਰ ਤਰਨਤਾਰਨ ਨੇੜੇ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰਕੇ ਕਤਲ ਕਰ ਦਿੱਤਾ। ਸੁਸ਼ਮਾ ਦੀ ਲਾਸ਼ ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਡੋਡੇ ਦੀ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸਦੇ ਰਿਸ਼ਤੇਦਾਰਾਂ ਨੂੰ ਸੌਂਪ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਸ਼ਮਾ ਦਾ ਵਿਆਹ ਗੁਰਜੀਤ ਸਿੰਘ ਨਾਲ ਹੋਇਆ ਸੀ। ਸੁਸ਼ਮਾ ਨੇ ਮੁਹੱਲਾ ਗੁਰੂ ਦਾ ਖੂਹ ਚੌਕ ‘ਚ ਕਲੀਨਿਕ ਖੋਲ੍ਹਿਆ ਹੋਇਆ ਸੀ, ਜਦਕਿ ਨਾਲ ਹੀ ਉਨ੍ਹਾਂ ਦਾ ਘਰ ਵੀ ਸੀ। ਤਿੰਨ ਬੱਚਿਆਂ ਦੀ ਮਾਂ ਸੁਸ਼ਮਾ ਨੇ ਕੈਨੇਡਾ ਜਾਣ ਲਈ ਟਰੈਵਲ ਏਜੰਟ ਨੂੰ 22 ਲੱਖ ਰੁਪਏ ਦਿੱਤੇ ਹੋਏ ਸਨ। 22 ਲੱਖ ਦੀ ਰਕਮ ਦੇ ਨਾਲ ਟਰੈਵਲ ਏਜੰਟ ਨੇ ਪਾਸਪੋਰਟ ਵੀ ਆਪਣੇ ਕੋਲ ਰੱਖਿਆ ਹੋਇਆ ਸੀ।
ਸੁਸ਼ਮਾ ਦੀ ਬੇਟੀ ਨਵਜੀਤ ਕੌਰ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਵੀਰਵਾਰ ਦੀ ਸ਼ਾਮ ਨੂੰ ਟਰੈਵਲ ਏਜੰਟ ਦਾ ਫੂਨ ਆਇਆ ਕਿ ਤੁਹਾਡਾ ਵੀਜ਼ਾ ਲੱਗ ਗਿਆ ਹੈ, ਚਾਰ ਲੱਖ ਰੁਪਏ ਲੈ ਕੇ ਆਓ ਅਤੇ ਪਾਸਪੋਰਟ ਅਤੇ ਵੀਜ਼ਾ ਲੈ ਜਾਓ।
ਨਰਸ ਸੁਸ਼ਮਾ ਨੇ ਬੇਟੀ ਨਵਜੀਤ ਕੌਰ ਨੂੰ ਵੀ ਟਰੈਵਲ ਏਜੰਟ ਦੇ ਦੱਸੇ ਪਤੇ ‘ਤੇ ਗੋਇੰਦਵਾਲ ਬਾਈਪਾਸ ਜਾਣ ਲਈ ਆਪਣੇ ਨਾਲ ਤਿਆਰ ਕਰ ਲਿਆ। ਅਜੇ ਦੋਵੇਂ ਰਸਤੇ ਵਿਚ ਹੀ ਸਨ ਕਿ ਟਰੈਵਲ ਏਜੰਟ ਦਾ ਫੋਨ ਆਇਆ ਕਿ ਲੜਕੀ ਨੂੰ ਨਾਲ ਨਾ ਲੈ ਕੇ ਆਓ, ਇਕੱਲੇ ਆਓ। ਸੁਸ਼ਮਾ ਨੇ ਇਹ ਕਹਿ ਕੇ ਇਕੱਲੇ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਸ਼ਾਮ ਨੂੰ ਹਨੇਰਾ ਹੈ, ਉਹ ਇਕੱਲੀ ਨਹੀਂ ਆ ਸਕਦੀ।
ਸੁਸ਼ਮਾ ਆਪਣੀ ਧੀ ਨਾਲ ਕਲੀਨਿਕ ਵਾਪਸ ਆ ਗਈ। ਥੋੜ੍ਹੀ ਦੇਰ ਬਾਅਦ ਟਰੈਵਲ ਏਜੰਟ ਦਾ ਫਿਰ ਫੋਨ ਆਇਆ ਕਿ ਮੈਂ ਕਿਸੇ ਕੰਮ ਲਈ ਥਾਣਾ ਸਦਰ ਆਇਆ ਹਾਂ, ਤੁਸੀਂ ਚਾਰ ਲੱਖ ਦੀ ਰਕਮ ਦੇ ਕੇ ਪਾਸਪੋਰਟ ਅਤੇ ਵੀਜ਼ਾ ਲੈ ਲਓ। ਨਵਜੀਤ ਕੌਰ ਨੇ ਦੱਸਿਆ ਕਿ ਉਸ ਦੀ ਮਾਂ ਸੁਸ਼ਮਾ ਇਹ ਕਹਿ ਕੇ ਘਰੋਂ ਗਈ ਸੀ ਕਿ ਉਹ ਦਸ ਮਿੰਟਾਂ ਵਿੱਚ ਵਾਪਸ ਆ ਜਾਵੇਗੀ। ਸੁਸ਼ਮਾ ਨੂੰ ਉਸ ਦੀ ਬੇਟੀ ਨੇ ਰਾਹ ਜਾਂਦੇ ਆਟੋ ‘ਤੇ ਬਿਠਾਇਆ ਪਰ ਬਾਅਦ ‘ਚ ਸੁਸ਼ਮਾ ਦਾ ਮੋਬਾਇਲ ਫੋਨ ਬੰਦ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੁਸ਼ਮਾ ਨੂੰ ਥਾਣਾ ਸਦਰ ਦੇ ਨੇੜੇ ਤੋਂ ਕੁਝ ਲੋਕਾਂ ਨੇ ਅਗਵਾ ਕਰ ਲਿਆ। ਦੇਰ ਰਾਤ ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਡੋਡੇ ਨੇੜੇ ਸੁਸ਼ਮਾ ਦਾ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ ਪਤੀ ‘ਤੇ ਸ਼ੱਕ ਜਤਾਇਆ ਹਿਰਾਸਤ ‘ਚ ਲਿਆ
ਦੱਸਿਆ ਜਾ ਰਿਹਾ ਹੈ ਕਿ ਨਰਸ ਸੁਸ਼ਮਾ ਬਹੁਤ ਮਿਹਨਤੀ ਸੀ। ਉਸ ਨੇ ਸਖ਼ਤ ਮਿਹਨਤ ਕਰਕੇ ਘਰ ਦੇ ਨੇੜੇ ਹੀ ਇੱਕ ਮਕਾਨ ਖਰੀਦ ਲਿਆ। ਹਾਲਾਂਕਿ ਉਸ ਦਾ ਪਤੀ ਗੁਰਜੀਤ ਸਿੰਘ ਕੋਈ ਕੰਮ ਨਹੀਂ ਕਰਦਾ ਸੀ। ਸੂਤਰਾਂ ਦੀ ਮੰਨੀਏ ਤਾਂ ਗੁਰਜੀਤ ਸਿੰਘ ਨੇ ਆਪਣੇ ਟ੍ਰੈਵਲ ਏਜੰਟ ਰਿਸ਼ਤੇਦਾਰ ਰਾਹੀਂ ਸੁਸ਼ਮਾ ਨੂੰ ਕੈਨੇਡਾ ਭੇਜਣ ਦੇ ਜਾਲ ਵਿਚ ਫਸਾਇਆ ਸੀ। ਪਹਿਲਾਂ 22 ਲੱਖ ਦੀ ਰਕਮ ਵਸੂਲ ਕੀਤੀ ਅਤੇ ਫਿਰ ਥਾਣਾ ਸਦਰ ਦੇ ਨੇੜਿਓਂ ਚਾਰ ਲੱਖ ਲੈ ਕੇ ਆਈ ਸੁਸ਼ਮਾ ਨੂੰ ਅਗਵਾ ਕਰ ਲਿਆ।
ਸ਼ੁੱਕਰਵਾਰ ਨੂੰ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ, ਚੌਕੀ ਟਾਊਨ ਇੰਚਾਰਜ ਨਰਿੰਦਰ ਸਿੰਘ ਨੇ ਸੁਸ਼ਮਾ ਦੇ ਘਰ ਪਹੁੰਚ ਕੇ ਉਸ ਦੀ ਲੜਕੀ ਨਵਜੀਤ ਕੌਰ, ਸਾਢੂ ਧਰਮਿੰਦਰ ਸਿੰਘ ਅਤੇ ਚਚੇਰੇ ਭਰਾ ਹਰਜਿੰਦਰ ਸਿੰਘ ਦੇ ਬਿਆਨ ਦਰਜ ਕੀਤੇ। ਇਸ ਦੌਰਾਨ ਸ਼ੱਕ ਦੀ ਸੂਈ ਸੁਸ਼ਮਾ ਦੇ ਪਤੀ ਗੁਰਜੀਤ ਅਤੇ ਉਸ ਦੇ ਰਿਸ਼ਤੇਦਾਰ ਟਰੈਵਲ ਏਜੰਟ ‘ਤੇ ਘੁੰਮਦੀ ਰਹੀ। ਪੁਲਸ ਨੇ ਗੁਰਜੀਤ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਪੀ (ਆਈ) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਸਾਰਾ ਸੱਚ ਸਾਹਮਣੇ ਆਵੇਗਾ।