ਪੰਜਾਬ ਵਿਚ ਨਕੋਦਰ-ਜਲੰਧਰ ਹਾਈਵੇਅ ‘ਤੇ ਬੀਤੇ ਦਿਨੀਂ ਪਿੰਡ ਕੰਗ ਸਾਬੂ ਨੇੜੇ ਸੜਕ ਕਿਨਾਰੇ ਝਾੜੀਆਂ ‘ਚੋਂ 22 ਸਾਲਾ ਲੈਬ ਟੈਕਨੀਸ਼ੀਅਨ ਦੀ ਲਾਸ਼ ਮਿਲਣ ਦੇ ਮਾਮਲੇ ‘ਚ ਥਾਣਾ ਸਦਰ ਪੁਲਸ ਨੇ ਪ੍ਰੇਮਿਕਾ ਸਮੇਤ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨਛੱਤਰ ਵਾਸੀ ਕੋਠੇ ਕੌਰ ਸਿੰਘ ਵਾਲਾ (ਆਬਲੂ) ਜ਼ਿਲ੍ਹਾ ਬਠਿੰਡਾ ਨੇ ਥਾਣਾ ਸਦਰ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਅਪਰੇਸ਼ਨ ਥੀਏਟਰ ਦਾ ਕੋਰਸ ਕੀਤਾ ਸੀ ਪਰ ਪਹਿਲਾਂ ਉਹ ਮੋਗੇ ਦੇ ਹਸਪਤਾਲ ਵਿੱਚ ਕੰਮ ਕਰਦਾ ਸੀ।
ਹੁਣ ਕੁਝ ਮਹੀਨਿਆਂ ਤੋਂ ਜਲੰਧਰ ਦੇ ਪਟੇਲ ਹਸਪਤਾਲ ਵਿਚ ਕੰਮ ਕਰਦਾ ਸੀ ਅਤੇ ਉਥੇ ਹੀ ਰਹਿੰਦਾ ਸੀ। 6 ਸਤੰਬਰ ਨੂੰ ਉਸ ਨੇ ਫੋਨ ਕਰਕੇ ਕਿਹਾ ਕਿ ਉਹ ਘਰ ਆ ਰਿਹਾ ਹੈ। ਪਰ ਮੇਰਾ ਪੁੱਤਰ ਘਰ ਨਹੀਂ ਪਹੁੰਚਿਆ। ਮੈਂ ਤਿੰਨ ਦਿਨਾਂ ਤੋਂ ਉਸ ਦੀ ਭਾਲ ਕਰ ਰਿਹਾ ਸੀ ਅਤੇ ਫਿਰ 9 ਸਤੰਬਰ ਨੂੰ ਮੈਂ ਥਾਣਾ ਡਿਵੀਜ਼ਨ ਨੰਬਰ 4, ਜਲੰਧਰ ਕਮਿਸ਼ਨਰੇਟ ਵਿਖੇ ਲੜਕੇ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ। ਕੱਲ੍ਹ ਮੇਰੇ ਲੜਕੇ ਮਨਪ੍ਰੀਤ ਸਿੰਘ ਦੀ ਲਾਸ਼ ਪਿੰਡ ਕੰਗ ਸਾਹੂ ਨੇੜੇ ਸੜਕ ਦੇ ਕਿਨਾਰੇ ਝਾੜੀਆਂ ਵਿੱਚੋਂ ਮਿਲੀ। ਮਨਪ੍ਰੀਤ ਸਿੰਘ ਦੇ ਮੋਗਾ ਹਸਪਤਾਲ ‘ਚ ਕੰਮ ਕਰਦੇ ਸਮੇਂ ਰਮਨਦੀਪ ਕੌਰ ਪੁੱਤਰੀ ਰੇਸ਼ਮ ਸਿੰਘ ਵਾਸੀ ਦਇਆ ਕਲਾਂ ਜ਼ਿਲਾ ਮੋਗਾ ਦੇ ਨਾਲ ਪ੍ਰੇਮ ਸੰਬੰਧ ਹੋ ਗਏ ਸਨ।
ਉਕਤ ਲੜਕੀ ਦੇ ਮੁਕੇਸ਼ ਯਾਦਵ ਪੁੱਤਰ ਮੱਲ ਨਾਥ ਵਾਸੀ ਘੱਲ ਕਲਾਂ ਰੋਡ, ਜ਼ਿਲ੍ਹਾ ਮੋਗਾ ਨਾਲ ਵੀ ਪ੍ਰੇਮ ਸਬੰਧ ਹਨ। ਰਮਨਦੀਪ ਕੌਰ ਉਸ ਦੇ ਚਾਚਾ ਪੁੱਤਰ ਅਮਰੀਕ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਦਿਆਨ ਕਲਾਂ ਜ਼ਿਲ੍ਹਾ ਮੋਗਾ ਅਤੇ ਉਸ ਦੇ ਫੁਫੜ ਅਜੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਬਡਲਾ ਜਗਰਾਓ ਜ਼ਿਲ੍ਹਾ ਲੁਧਿਆਣਾ ਉਹ ਤੇ ਮੁਕੇਸ਼ ਯਾਦਵ ਵਲੋਂ ਮੇਰੇ ਲੜਕੇ ਨੂੰ ਮਾਰਨ ਦੀ ਨੀਅਤ ਦੇ ਨਾਲ ਕਈ ਵਾਰੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਨ੍ਹਾਂ ਦੇ ਡਰੋਂ ਮਨਪ੍ਰੀਤ ਸਿੰਘ ਨੇ ਮੋਗੇ ਦੀ ਨੌਕਰੀ ਛੱਡ ਕੇ ਪਟੇਲ ਹਸਪਤਾਲ ਜਲੰਧਰ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਉਕਤ ਲੜਕੀ ਰਮਨਦੀਪ ਕੌਰ ਨੇ ਵੀ ਆਪਣੀ ਨੌਕਰੀ ਛੱਡ ਕੇ ਪਟੇਲ ਹਸਪਤਾਲ ਜਲੰਧਰ ਵਿਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਮਨਪ੍ਰੀਤ ਨੇ ਦੱਸਿਆ ਸੀ ਕਿ ਰਮਨਦੀਪ ਕੌਰ ਆਪਣੇ ਪਹਿਲੇ ਪ੍ਰੇਮੀ ਮੁਕੇਸ਼ ਯਾਦਵ ਨਾਲ ਹੁਣ ਵੀ ਮੇਰੇ ਸਾਹਮਣੇ ਗੱਲ ਕਰਦੀ ਸੀ ਅਤੇ ਜਦੋਂ ਮੈਂ ਉਸ ਨੂੰ ਰੋਕਿਆ ਤਾਂ ਉਸ ਨੇ ਆਪਣੇ ਪਹਿਲੇ ਪ੍ਰੇਮੀ ਮੁਕੇਸ਼ ਯਾਦਵ, ਚਾਚੇ ਦੇ ਲੜਕੇ ਅਮਰੀਕ ਸਿੰਘ ਅਤੇ ਉਸ ਦੇ ਫੂਫੜ ਅਜੀਤ ਸਿੰਘ ਨਾਲ ਮਿਲ ਕੇ ਕਈ ਵਾਰ ਮੈਨੂੰ ਮਾਰਨ ਦੀ ਧਮਕੀ ਦਿੱਤੀ।
ਬੀਤੀ 5 ਸਤੰਬਰ ਨੂੰ ਉਪਰੋਕਤ ਤਿੰਨੇ ਰਮਨਦੀਪ ਕੌਰ ਨੂੰ ਆਪਣੇ ਨਾਲ ਲੈ ਗਏ ਅਤੇ ਮੇਰੇ ਲੜਕੇ ‘ਤੇ ਹਮਲਾ ਕਰਨ ਵਾਲੇ ਸਨ ਤਾਂ ਮੇਰੇ ਲੜਕੇ ਨੇ ਭੱਜ ਕੇ ਆਪਣੀ ਜਾਨ ਬਚਾਈ ਸੀ। ਹੁਣ ਮੈਨੂੰ ਯਕੀਨ ਹੈ ਕਿ ਮੇਰੇ ਲੜਕੇ ਮਨਪ੍ਰੀਤ ਸਿੰਘ ਨੂੰ ਉਪਰੋਕਤ ਚਾਰਾਂ ਨੇ ਮਾਰਿਆ ਹੈ। ਥਾਣਾ ਸਦਰ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨਛੱਤਰ ਸਿੰਘ ਦੀ ਸ਼ਿਕਾਇਤ ‘ਤੇ ਰਮਨਦੀਪ ਕੌਰ ਪੁੱਤਰੀ ਰੇਸ਼ਮ ਸਿੰਘ ਵਾਸੀ ਦਇਆ ਕਲਾਂ ਜ਼ਿਲ੍ਹਾ ਮੋਗਾ, ਮੁਕੇਸ਼ ਯਾਦਵ ਪੁੱਤਰ ਮੱਲਾ ਨਾਥ ਵਾਸੀ ਘੱਲ ਕਲਾਂ ਰੋਡ ਜ਼ਿਲ੍ਹਾ ਮੋਗਾ, ਅਮਰੀਕ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਦਿਆਨ ਕਲਾਂ ਜ਼ਿਲ੍ਹਾ ਮੋਗਾ ਅਤੇ ਅਜੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਬਦਲਾ ਜਗਰਾਓ ਜਿਲਾ ਲੁਧਿਆਣਾ ਦੇ ਖਿਲਾਫ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
3 ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ
ਮ੍ਰਿਤਕ ਮਨਪ੍ਰੀਤ ਸਿੰਘ ਦਾ ਅੱਜ ਨਕੋਦਰ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ ਬੋਰਡ ਦੇ 3 ਡਾਕਟਰਾਂ ਨੇ ਪੋਸਟਮਾਰਟਮ ਕੀਤਾ। ਜਿਨ੍ਹਾਂ ਵਿਚ ਜਸਬੀਰ ਸਿੰਘ ਡਾਕਟਰ ਜਸਦੀਪ ਸਿੰਘ, ਡਾ. ਡਾਕਟਰ ਸ਼ਿਲਪਾ ਨੇ ਪੋਸਟਮਾਰਟਮ ਤੋਂ ਬਾਅਦ ਬਿਸ਼ਰਾ ਨੂੰ ਲੈਬ ‘ਚ ਭੇਜਣਗੇ। ਡਾਕਟਰਾਂ ਦੇ ਬੋਰਡ ਅਨੁਸਾਰ ਮ੍ਰਿਤਕ ਦੀ ਗਰਦਨ ‘ਤੇ ਸੱਟ ਦੇ ਨਿਸ਼ਾਨ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਦੀ ਮੌਤ ਗਲਾ ਘੁੱਟਣ ਨਾਲ ਹੋਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਕਤਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਮ੍ਰਿਤਕ ਦੇ ਹੱਥ ਕੱਟੇ ਗਏ ਸਨ।