ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਭੋਗਪੁਰ ‘ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਜਿਸ ਬਜ਼ੁਰਗ ਔਰਤ ਦੀ ਲਾਸ਼ ਘਰ ‘ਚੋਂ ਮਿਲੀ ਸੀ, ਉਸ ਨੂੰ ਉਸ ਦੇ ਗੁਆਂਢੀ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੌਤ ਦੀ ਇਹ ਵਾਰਦਾਤ ਲੁੱਟਣ ਦੀ ਨੀਅਤ ਨਾਲ ਨਹੀਂ ਕੀਤੀ ਗਈ ਬਲਕਿ ਦੋਸ਼ੀ ਦੀ ਬਜ਼ੁਰਗ ਨਾਲ ਇਕ ਦਰੱਖਤ ਵੇਚਣ ਨੂੰ ਲੈ ਕੇ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਕਾਤਲ ਨੇ ਗੁੱਸੇ ‘ਚ ਆ ਕੇ ਉਥੇ ਪਈ ਰੱਸੀ ਨਾਲ ਗਲਾ ਘੁੱਟ ਕੇ ਔਰਤ ਦਾ ਕਤਲ ਕਰ ਦਿੱਤਾ।
ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ‘ਚ ਪੁਲਸ ਦੇ ਸੁੰਘਣ ਵਾਲੇ ਕੁੱਤੇ ਨੇ ਅਹਿਮ ਭੂਮਿਕਾ ਨਿਭਾਈ। ਸੁੰਘਣ ਵਾਲਾ ਕੁੱਤਾ ਹੀ ਪੁਲਿਸ ਨੂੰ ਕਾਤਲ ਦੇ ਘਰ ਲੈ ਕੇ ਗਿਆ। ਦਰਅਸਲ ਕਤਲ ਦੇ ਦੋਸ਼ੀ ਸਤਿੰਦਰ ਸਿੰਘ ਉਰਫ ਸੱਤਾ ਨੇ ਜਿਸ ਰੱਸੀ ਨਾਲ ਔਰਤ ਦਾ ਕਤਲ ਕੀਤਾ ਸੀ, ਉਸ ਦੀ ਸ਼ਮਿਲ ਲੈਣ ਤੋਂ ਬਾਅਦ ਪੁਲਸ ਦਾ ਸੁੰਘਣ ਵਾਲਾ ਕੁੱਤਾ ਪੁਲਸ ਨੂੰ ਗੁਆਂਢ ‘ਚ ਹੀ ਕਾਤਲ ਦੇ ਘਰ ਲੈ ਕੇ ਗਿਆ।
ਇਸ ਤੋਂ ਬਾਅਦ ਪੁਲਸ ਨੇ ਜਿਸ ਘਰ ਵਿਚ ਔਰਤ ਦਾ ਕਤਲ ਹੋਇਆ ਸੀ ਉਸ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਸੀ। ਫੁਟੇਜ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੂੰ ਪੁਸ਼ਟੀ ਹੋਈ ਕਿ ਕਤਲ ਗੁਆਂਢੀ ਸਤਿੰਦਰ ਉਰਫ ਸੱਤਾ ਨੇ ਹੀ ਕੀਤਾ ਹੈ। ਇਸ ਤੋਂ ਬਾਅਦ ਪੁਲਸ ਸੱਤਾ ਨੂੰ ਹਿਰਾਸਤ ‘ਚ ਲੈ ਕੇ ਥਾਣਾ ਭੋਗਪੁਰ ਲੈ ਗਈ।
ਥਾਣਾ ਪੁਲਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਦ ਮੰਨਿਆ ਕਿ ਉਸ ਨੇ ਔਰਤ ਅਮਰਜੀਤ ਕੌਰ ਉਮਰ 65 ਸਾਲ ਪਤਨੀ ਗੁਰਮੀਤ ਸਿੰਘ ਦਾ ਕਤਲ ਕੀਤਾ ਹੈ। ਉਸ ਕੋਲੋਂ ਔਰਤ ਦੇ ਕੰਨਾਂ ਦੀਆਂ ਵਾਲੀਆਂ ਅਤੇ ਪਰਸ ਵੀ ਬਰਾਮਦ ਹੋਇਆ ਹੈ। ਐਸਪੀ ਦਿਹਾਤ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕਾਤਲ ਨੇ ਗੁੱਸੇ ਵਿੱਚ ਕਤਲ ਕੀਤਾ ਹੈ। ਕਤਲ ਤੋਂ ਬਾਅਦ ਇਲਾਕੇ ‘ਚ ਲੁਟੇਰਿਆਂ ਦੀ ਦਹਿਸ਼ਤ ਫੈਲ ਗਈ ਸੀ। ਪਰ ਹੁਣ ਕਾਤਲ ਫੜੇ ਜਾਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਸ਼ਾਂਤ ਹੋ ਗਿਆ ਹੈ।
ਐਸਪੀ ਦਿਹਾਤ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਅਤੇ ਉਹ ਪਿੰਡ ਵਿੱਚ ਪਸ਼ੂਆਂ ਨੂੰ ਚਾਰਾ ਆਦਿ ਪਾਉਣ ਦਾ ਕੰਮ ਕਰਦਾ ਹੈ। ਘਰ ‘ਚ ਇਕ ਹੀ ਦਰੱਖਤ ਦੀ ਖਰੀਦਦਾਰੀ ਨੂੰ ਲੈ ਕੇ ਬਜ਼ੁਰਗ ਔਰਤ ਨਾਲ ਉਸ ਦਾ ਝਗੜਾ ਹੋਇਆ ਸੀ ਅਤੇ ਇਹੀ ਕਤਲ ਦਾ ਕਾਰਨ ਬਣ ਗਿਆ। ਕਾਤਲ ਨੇ ਕਤਲ ਕਰਨ ਤੋਂ ਬਾਅਦ ਘਰ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ ਸੀ।
ਜਦੋਂ ਬਾਅਦ ਦੁਪਹਿਰ ਮ੍ਰਿਤਕਾ ਦੀ ਦੋਹਤੀ ਆਪਣੀ ਪੜਾਈ ਕਰਕੇ ਘਰ ਆਈ ਤਾਂ ਉਸ ਨੂੰ ਅਗਲੇ ਕਮਰੇ ਵਿੱਚ ਆਪਣੀ ਨਾਨੀ ਦੀ ਲਾਸ਼ ਪਈ ਮਿਲੀ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਐਸਪੀ ਨੇ ਦੱਸਿਆ ਕਿ ਭੋਗਪੁਰ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਨੇ ਮਿਲ ਕੇ 48 ਘੰਟਿਆਂ ਵਿੱਚ ਮਾਮਲਾ ਸੁਲਝਾ ਲਿਆ ਹੈ। ਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।