ਪੰਜਾਬ ਦੇ ਜਿਲ੍ਹਾ ਕਪੂਰਥਲਾ ‘ਚ ਨੌਜਵਾਨ ਰੋਸ਼ਨ ਲਾਲ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਦੇ ਮਾਮਲੇ ‘ਚ ਮੰਗਲਵਾਰ ਨੂੰ ਨਵਾਂ ਖੁਲਾਸਾ ਹੋਇਆ ਹੈ। ਸਿਵਲ ਹਸਪਤਾਲ ‘ਚ 3 ਡਾਕਟਰਾਂ ਦੇ ਬੋਰਡ ਵੱਲੋਂ ਕੀਤੇ ਗਏ ਲਾਸ਼ ਦੇ ਪੋਸਟਮਾਰਟਮ ‘ਚ ਮ੍ਰਿਤਕ ਰੋਸ਼ਨ ਦੇ ਗਲੇ ‘ਤੇ ਰੱਸੀ ਦੇ ਨਿਸ਼ਾਨ ਪਾਏ ਗਏ ਹਨ। ਐਸਐਮਓ ਸੰਦੀਪ ਧਵਨ ਨੇ ਗਲੇ ’ਤੇ ਰੱਸੀ ਦੇ ਨਿਸ਼ਾਨ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਸਰੀਰ ‘ਤੇ ਕੁੱਟਮਾਰ ਜਾਂ ਹੋਰ ਜ਼ਖ਼ਮਾਂ ਦਾ ਕੋਈ ਨਿਸ਼ਾਨ ਨਹੀਂ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਉਧਰ, ਦੂਜੇ ਪਾਸੇ ਉਕਤ ਮਾਮਲੇ ਨੂੰ ਲੈ ਕੇ ਸ਼ੱਕ ਦੇ ਘੇਰੇ ਵਿਚ ਆਈ ਸਿਟੀ ਥਾਣੇ ਦੀ ਪੁਲਿਸ ਦੀ ਜਾਂਚ ਕਰ ਰਹੇ ਐਸ. ਪੀ. ਡੀ. ਹਰਵਿੰਦਰ ਸਿੰਘ ਨੇ ਸਿਰਫ ਇਹ ਹੀ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਸਾਰੇ ਤੱਥਾਂ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਮਾਮਲਾ ਸੁਲਝਾ ਲਿਆ ਗਿਆ ਹੈ। ਹਾਲਾਂਕਿ ਸਿਟੀ ਥਾਣਾ ਦੀਆਂ ਗਤੀਵਿਧੀਆਂ ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।
ਬੋਰਡ ਵਿਚ ਇਹ ਡਾਕਟਰ
ਰੋਸ਼ਨ ਲਾਲ ਦੀ ਲਾਸ਼ ਦਾ ਪੋਸਟਮਾਰਟਮ ਮੰਗਲਵਾਰ ਨੂੰ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਗਿਆ। ਜਿਸ ਵਿੱਚ ਡਾ: ਅਮਨਦੀਪ ਸਿੰਘ ਥਿੰਦ, ਡਾ: ਅਵਨੀ ਸਿੰਗਲਾ ਅਤੇ ਡਾ: ਅਰਸ਼ਦੀਪ ਸਿੰਘ ਸ਼ਾਮਿਲ ਸਨ। ਜਿਨ੍ਹਾਂ ਨੇ ਪੋਸਟਮਾਰਟਮ ਦੌਰਾਨ ਰੌਸ਼ਨ ਲਾਲ ਦੇ ਗਲੇ ਉਤੇ ਰੱਸੀ ਦੇ ਨਿਸ਼ਾਨ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਪੁਲਿਸ ਨੇ ਜਾਂਚ ਦੇ ਨਾਂਅ ‘ਤੇ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਇਹ ਹੈ ਮਾਮਲਾ
ਦੱਸ ਦੇਈਏ ਕਿ ਐਤਵਾਰ ਦੇਰ ਸ਼ਾਮ ਥਾਣਾ ਸਿਟੀ ਦੇ ਏ.ਐਸ.ਆਈ ਰਜਿੰਦਰ ਸਿੰਘ ਨੇ ਪਿੰਡ ਰੱਤਾ ਨੌਂ ਦੇ ਰਹਿਣ ਵਾਲੇ ਰੋਸ਼ਨ ਲਾਲ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਜਮ੍ਹਾ ਕਰਵਾਇਆ ਸੀ। ਜਿਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਉਕਤ ਨੌਜਵਾਨ ਨੂੰ ਚੋਰੀ ਦੇ ਦੋਸ਼ ‘ਚ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ। ਇਸ ਮਾਮਲੇ ਵਿੱਚ ਮੁੱਢਲੇ ਤੌਰ ’ਤੇ ਸਿਟੀ ਥਾਣੇ ਦੇ ਐਸਐਚਓ ਕ੍ਰਿਪਾਲ ਸਿੰਘ ਨੇ ਵੀ ਰੌਸ਼ਨ ਲਾਲ ਨੂੰ ਰਾਊਂਡਅੱਪ ਕਰਨ ਦੀ ਗੱਲ ਕਬੂਲੀ ਸੀ।
ਦੂਜੇ ਪਾਸੇ ਮ੍ਰਿਤਕ ਰੋਸ਼ਨ ਲਾਲ ਦੀ ਪਤਨੀ ਸੀਮਾ ਨੇ ਪੁਲੀਸ ਹਿਰਾਸਤ ਵਿੱਚ ਉਸ ਦੇ ਪਤੀ ਦੀ ਮੌਤ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਸਵੇਰੇ ਥਾਣੇ ਤੋਂ ਫੂਨ ਆਇਆ ਕਿ ਹਵਾਲਾਤੀ ਪਤੀ ਨੂੰ ਰੋਟੀ ਦੇ ਜਾਓ ਅਤੇ ਸ਼ਾਮ ਨੂੰ ਫੋਨ ਆਇਆ ਕਿ ਉਹ ਮਰ ਗਿਆ ਹੈ, ਲਾਸ਼ ਲੈ ਜਾਓ। ਉਕਤ ਨੰਬਰ ਥਾਣਾ ਸਿਟੀ ਦੇ ਹੌਲਦਾਰ ਸੁਖਦੇਵ ਸਿੰਘ ਦਾ ਹੈ। ਜਿਸ ਨੇ ਫੋਨ ‘ਤੇ ਹੋਈ ਗੱਲਬਾਤ ‘ਚ ਮੰਨਿਆ ਕਿ ਜਦੋਂ ਉਸ ਨੇ ਖਾਣੇ ਲਈ ਫੂਨ ਕੀਤਾ ਤਾਂ ਰੋਸ਼ਨ ਲਾਲ ਸਿਟੀ ਥਾਣੇ ਵਿਚ ਹੀ ਸੀ।
ਲਾਲਚ ਦੇ ਕੇ ਮਾਮਲਾ ਸੁਲਝਾਉਣ ਦਾ ਸ਼ੱਕ
ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਸ਼ੱਕ ਦੇ ਘੇਰੇ ਵਿੱਚ ਘਿਰੀ ਥਾਣਾ ਸਿਟੀ ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਕਥਿਤ ਆਰਥਿਕ ਲਾਭ ਦਾ ਲਾਲਚ ਦੇ ਕੇ ਮਾਮਲਾ ਸੁਲਝਾ ਲਿਆ ਹੈ। ਜਦਕਿ ਰੋਸ਼ਨ ਲਾਲ ਦੇ ਪੋਸਟਮਾਰਟਮ ਦੌਰਾਨ ਡਾਕਟਰਾਂ ਦੇ ਬੋਰਡ ਵੱਲੋਂ ਗਲੇ ‘ਤੇ ਪਾਏ ਗਏ ਰੱਸੀ ਦੇ ਨਿਸ਼ਾਨ ਦੱਸਦੇ ਹਨ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ, ਹੁਣ ਸਵਾਲ ਇਹ ਉੱਠਦਾ ਹੈ ਕਿ ਉਸ ਨੇ ਖੁਦਕੁਸ਼ੀ ਕਿੱਥੇ ਕੀਤੀ ਹੈ, ਜਿਸ ਦਾ ਜਵਾਬ ਫਿਲਹਾਲ ਕੋਈ ਦੇਣ ਨੂੰ ਤਿਆਰ ਨਹੀਂ ਹੈ।