ਪੰਜਾਬੀ ਯੂਨੀਵਰਸਿਟੀ ‘ਚ ਵੀਰਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਯੂਨੀਵਰਸਿਟੀ ਦੇ ਵਾਰਿਸ ਭਵਨ ‘ਚ ਕੰਮ ਕਰਦੇ ਇਕ ਡੇਲੀਵੇਜ ਕਰਮਚਾਰੀ ਦੀ ਲਾਸ਼ ਉਸ ਦੇ ਕਮਰੇ ‘ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ‘ਚ ਪੁਲਸ ਵਲੋਂ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ।
ਪੁਲਿਸ ਮੁਤਾਬਕ ਫਿਲਹਾਲ ਇਸ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਲੈਣ ਤੋਂ ਬਾਅਦ ਹੀ ਹੋਵੇਗਾ। ਮ੍ਰਿਤਕ ਦੀ ਪਛਾਣ 28 ਸਾਲਾ ਰੋਹਤਾਸ਼ ਕੁਮਾਰ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਹਰਿਆਣਾ ਦੇ ਜਾਖਲ ਨੇੜੇ ਦਾ ਰਹਿਣ ਵਾਲਾ ਸੀ। ਪੁਲੀਸ ਅਨੁਸਾਰ ਉਹ ਪਟਿਆਲਾ ਵਿੱਚ ਯੂਨੀਵਰਸਿਟੀ ਵਿੱਚ ਨੌਕਰੀ ਕਰਦਾ ਸੀ ਅਤੇ ਪਟਿਆਲੇ ਆਪਣੇ ਫੁੱਫੜ ਕੋਲ ਰਹਿੰਦਾ ਸੀ। ਵਾਰਿਸ ਭਵਨ ਦਾ ਉਹ ਕਮਰਾ ਜਿੱਥੇ ਰੋਹਤਾਸ਼ ਨੇ ਫਾਹਾ ਲੈ ਲਿਆ ਸੀ, ਨੂੰ ਪੁਲਿਸ ਨੇ ਜਾਂਚ ਪੂਰੀ ਹੋਣ ਤੱਕ ਸੀਲ ਕਰ ਦਿੱਤਾ ਹੈ।
ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ ਕੈਪਟਨ ਗੁਰਤੇਜ ਸਿੰਘ ਨੇ ਦੱਸਿਆ ਕਿ ਰੋਹਤਾਸ਼ ਕੁਮਾਰ ਵਾਰਿਸ ਭਵਨ ਦੀ ਰਸੋਈ ਵਿੱਚ ਮਸਾਲਚੀ ਦੇ ਤੌਰ ਤੇ 2016 ਤੋਂ ਕੰਮ ਕਰ ਰਿਹਾ ਸੀ। ਉਹ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ। ਉਸਨੂੰ ਕਿਸੇ ਗੱਲ ਦੀ ਚਿੰਤਾ ਸੀ। ਉਨ੍ਹਾਂ ਦੱਸਿਆ ਕਿ ਰੋਹਤਾਸ਼ ਕੁਮਾਰ ਦੀ ਡਿਊਟੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸੀ।
ਵੀਰਵਾਰ ਸਵੇਰੇ ਡਿਊਟੀ ਬਦਲਣ ਤੋਂ ਬਾਅਦ ਜਦੋਂ ਇਕ ਹੋਰ ਕਰਮਚਾਰੀ ਉਥੇ ਪਹੁੰਚਿਆ ਤਾਂ ਘਟਨਾ ਦਾ ਪਤਾ ਲੱਗਾ। ਸਬੰਧਤ ਥਾਣਾ ਅਰਬਨ ਅਸਟੇਟ ਦੇ ਇੰਚਾਰਜ ਅੰਮ੍ਰਿਤਵੀਰ ਸਿੰਘ ਨੇ ਦੱਸਿਆ ਕਿ ਰੋਹਤਾਸ਼ ਦੇ ਹਰਿਆਣਾ ਵਾਸੀ ਪਰਿਵਾਰਕ ਮੈਂਬਰਾਂ ਨੂੰ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਰੋਹਤਾਸ਼ ਸ਼ਾਦੀਸ਼ੁਦਾ ਸੀ ਅਤੇ ਉਸਦੀ ਇੱਕ ਸਾਲ ਦੀ ਬੇਟੀ ਵੀ ਹੈ।
ਦੂਜੇ ਪਾਸੇ ਪੀਯੂ ਦੇ ਵੀਸੀ ਪ੍ਰੋਫੈਸਰ ਅਰਵਿੰਦ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਕੈਂਪਸ ਵਿੱਚ ਅਜਿਹੀ ਘਟਨਾ ਵਾਪਰਨਾ ਬਹੁਤ ਮੰਦਭਾਗਾ ਹੈ। ਯੂਨੀਵਰਸਿਟੀ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਖੜੀ ਹੈ।