ਦੇਹਰਾਦੂਨ ਦੇ ਇੱਕ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਫਾਈਨਲ ਸਾਲ ਦੀ ਪੜ੍ਹਾਈ ਕਰ ਰਹੇ ਦੋ ਵਿਦਿਆਰਥੀਆਂ ਦੀ ਸ਼ੁੱਕਰਵਾਰ ਨੂੰ ਮਲੋਟ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਦੋਵੇਂ ਵਿਦਿਆਰਥੀ ਚੰਡੀਗੜ੍ਹ ਤੋਂ ਮੋਟਰਸਾਈਕਲ ‘ਤੇ ਅਬੋਹਰ ਸਥਿਤ ਪਿੰਡ ਦੁਤਾਰਾਂਵਾਲੀ ਸਥਿਤ ਆਪਣੇ ਘਰ ਆ ਰਹੇ ਸਨ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਦੋਵੇਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਦੋਵੇਂ ਲਾਸ਼ਾਂ ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਪਿੰਡ ਦੁਤਾਰਾਂਵਾਲੀ ਦੇ ਸਰਪੰਚ ਸੁਰਿੰਦਰ ਕੁਮਾਰ ਨੇ ਦੱਸਿਆ ਕਿ 22 ਸਾਲਾ ਪ੍ਰਿਯਾਂਸ਼ੂ ਪੁੱਤਰ ਬਲਦੇਵ ਕੁਮਾਰ ਅਤੇ ਰੁਪੇਸ਼ ਪੁੱਤਰ ਰਾਜਕਮਲ ਦੇਹਰਾਦੂਨ ਵਿਖੇ ਬੀ.ਐਸ.ਸੀ ਐਗਰੀਕਲਚਰ ਦੀ ਪੜ੍ਹਾਈ ਕਰ ਰਹੇ ਸਨ, ਜੋ ਕਿ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਸਨ। ਉਸ ਨੇ ਦੱਸਿਆ ਕਿ ਪਹਿਲੇ ਸਾਲ ਹੀ ਪੜ੍ਹਾਈ ਦੇ ਦੌਰਾਨ ਪ੍ਰਿਯਾਂਸ਼ੂ ਆਪਣਾ ਮੋਟਰਸਾਈਕਲ ਲੈ ਕੇ ਦੇਹਰਾਦੂਨ ਗਿਆ ਸੀ ਅਤੇ ਦੋਵੇਂ ਵਿਦਿਆਰਥੀ ਉਸੇ ‘ਤੇ ਹੀ ਕਾਲਜ ਆਉਂਦੇ-ਜਾਂਦੇ ਸਨ ਪਰ ਹੁਣ ਕੋਰਸ ਪੂਰਾ ਹੋਣ ਤੋਂ ਬਾਅਦ ਉਹ ਦੋਵੇਂ ਆਪਣੇ ਮੋਟਰਸਾਈਕਲ ਨੂੰ ਘਰ ਛੱਡਣ ਆ ਰਹੇ ਸਨ। ਵੀਰਵਾਰ ਨੂੰ ਦੋਵੇਂ ਮੋਟਰਸਾਈਕਲ ਰਾਹੀਂ ਦੇਹਰਾਦੂਨ ਤੋਂ ਚੰਡੀਗੜ੍ਹ ਪਹੁੰਚੇ। ਜਿੱਥੇ ਪ੍ਰਿਯਾਂਸ਼ੂ ਦੀ ਭੂਆ ਦੇ ਬੇਟੇ ਕੋਲ ਰੁਕੇ ਸਨ।
ਸਰਪੰਚ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 9 ਵਜੇ ਇਹ ਲੋਕ ਚੰਡੀਗੜ੍ਹ ਤੋਂ ਅਬੋਹਰ ਦੇ ਪਿੰਡ ਦੁਤਾਰਾਂਵਾਲੀ ਲਈ ਰਵਾਨਾ ਹੋਏ ਸਨ। ਸ਼ੁੱਕਰਵਾਰ ਸਵੇਰੇ ਮਲੋਟ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਰੁਪੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਮੌਕੇ ‘ਤੇ ਪਹੁੰਚੇ ਲੋਕਾਂ ਨੇ ਪ੍ਰਿਯਾਂਸ਼ੂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੁਤਾਰਾਂਵਾਲੀ ਵਿੱਚ ਦੋਵਾਂ ਮ੍ਰਿਤਕਾਂ ਦੇ ਘਰ ਵਿੱਚ ਹਫੜਾ-ਦਫੜੀ ਮੱਚ ਗਈ ਅਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਗਏ। ਬਾਅਦ ਵਿੱਚ ਪ੍ਰਿਯਾਂਸ਼ੂ ਅਤੇ ਰੁਪੇਸ਼ ਦੀਆਂ ਲਾਸ਼ਾਂ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਵਾਂ ਦਾ ਪੋਸਟਮਾਰਟਮ ਕੀਤਾ ਗਿਆ। ਥਾਣਾ ਗਿੱਦੜਬਾਹਾ ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਪ੍ਰਿਯਾਂਸ਼ੂ ਦੋ ਭਰਾਵਾਂ ‘ਚ ਸਭ ਤੋਂ ਵੱਡਾ ਸੀ ਜਦਕਿ ਰੁਪੇਸ਼ ਦੀ ਇਕ ਛੋਟੀ ਭੈਣ ਹੈ। ਦੋਵੇਂ ਦੇ ਪਿਤਾ ਪਿੰਡ ਵਿੱਚ ਖੇਤੀਬਾੜੀ ਕਰਦੇ ਹਨ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।