ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਇੱਕ ਵਿਅਕਤੀ ਨੇ ਆਪਣੀ ਭਰਜਾਈ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਦੋਸ਼ੀ ਨੇ ਭਤੀਜਿਆਂ ‘ਤੇ ਵੀ ਹਮਲਾ ਕਰ ਦਿੱਤਾ। ਘਟਨਾ ਜਮਾਲਪੁਰ ਦੀ ਸੀਐਮਸੀ ਕਲੋਨੀ ਦੀ ਹੈ। ਮਰਨ ਵਾਲੀ ਔਰਤ ਦੀ ਪਛਾਣ ਸੁਮਨ ਉਮਰ 40 ਸਾਲ ਵਜੋਂ ਹੋਈ ਹੈ। ਔਰਤ ਦੇ ਦਿਉਰ ਅਰਵਿੰਦ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਕਤਲ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਸ਼ੁੱਕਰਵਾਰ ਸ਼ਾਮ ਮੋਟਰਸਾਈਕਲ ‘ਤੇ ਆਇਆ ਸੀ। ਸੁਮਨ ਆਪਣੇ ਬੇਟੇ ਵਿਵੇਕ ਨਾਲ ਗਲੀ ਵਿੱਚ ਬੈਠੀ ਸੀ। ਗਲੀ ‘ਚ ਮੋਟਰਸਾਈਕਲ ਤੋਂ ਉਤਰਦੇ ਹੀ ਅਰਵਿੰਦ ਨੇ ਵਿਵੇਕ ਨੂੰ ਥੱਪੜ ਮਾਰ ਦਿੱਤਾ। ਆਪਸੀ ਝਗੜੇ ‘ਚ ਅਰਵਿੰਦ ਦੇ ਡੱਬ ‘ਚ ਰੱਖਿਆ ਚਾਕੂ ਜ਼ਮੀਨ ‘ਤੇ ਡਿੱਗ ਗਿਆ।
ਸੁਮਨ ਨੇ ਜਦੋਂ ਵਿਵੇਕ ਦਾ ਬਚਾਅ ਕਰਨਾ ਚਾਹਿਆ ਤਾਂ ਦੋਸ਼ੀ ਅਰਵਿੰਦ ਨੇ ਸੁਮਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਸ਼ੀ ਨੇ ਸੁਮਨ ਦੇ ਚਾਕੂ ਮਾਰ ਦਿੱਤਾ। ਆਪਣੇ ਭਰਾ ਅਤੇ ਮਾਂ ਨੂੰ ਬਚਾਉਣ ਆਏ ਅਭਿਸ਼ੇਕ ਦੀ ਵੀ ਅਰਵਿੰਦ ਨਾਲ ਝੜਪ ਹੋ ਗਈ। ਇਸ ‘ਚ ਅਰਵਿੰਦ ਨੇ ਅਭਿਸ਼ੇਕ ਦੀ ਛਾਤੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਇਲਾਕੇ ‘ਚ ਪੈਂਦੇ ਰੌਲਾ-ਰੱਪੇ ਨੂੰ ਸੁਣ ਕੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਲੋਕਾਂ ਨੂੰ ਦੇਖ ਕੇ ਅਰਵਿੰਦ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਜ਼ਖਮੀ ਸੁਮਨ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਸੁਮਨ ਦੀ ਰਸਤੇ ਵਿਚ ਹੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਇਸ ਦੇ ਨਾਲ ਹੀ ਜ਼ਖਮੀ ਅਭਿਸ਼ੇਕ ਅਤੇ ਵਿਵੇਕ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜੇਸੀਪੀ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਔਰਤ ਦੀ ਹੱਤਿਆ ਉਸ ਦੇ ਪਤੀ ਰਾਜ ਬਹਾਦਰ ਦੇ ਚਚੇਰੇ ਭਰਾ ਨੇ ਕੀਤੀ ਹੈ। ਦੋਸ਼ੀ ਦੀ ਪਛਾਣ ਅਰਵਿੰਦ ਵਜੋਂ ਹੋਈ ਹੈ। ਉਸ ਦਾ ਪੀੜਤਾ ਦੇ ਪਤੀ ਰਾਜ ਬਹਾਦਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜੇਸੀਪੀ ਬਰਾੜ ਨੇ ਦੱਸਿਆ ਕਿ ਔਰਤ ਦੇ ਦੋ ਪੁੱਤਰਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਦੋਸ਼ੀ ਅਰਵਿੰਦ ਫਿਲਹਾਲ ਫਰਾਰ ਹੈ।