ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਲੋਵਾਲ ਦੇ ਵਸਨੀਕ 27 ਸਾਲਾ ਭਾਰਤੀ ਫੌਜ ਦੇ ਜਵਾਨ ਮਨਿੰਦਰਪ੍ਰੀਤ ਸਿੰਘ ਦਾ ਐਤਵਾਰ ਦੁਪਹਿਰ ਨੂੰ ਉਸਦੇ ਜੱਦੀ ਪਿੰਡ ਵਿੱਚ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਅੰਤਿਮ ਯਾਤਰਾ ਵਿੱਚ ਸਾਰੇ ਪਿੰਡ ਵਿੱਚ ਸੋਗ ਛਾਇਆ ਹੋਇਆ ਸੀ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ। ਸ਼ਨੀਵਾਰ ਨੂੰ ਪਠਾਨਕੋਟ ਇਲਾਕੇ ‘ਚ ਡਿਊਟੀ ਦੌਰਾਨ ਫੌਜੀ ਮਨਿੰਦਰਪ੍ਰੀਤ ਸਿੰਘ ਦੀ ਬ੍ਰੇਨ ਅਟੈਕ ਕਾਰਨ ਮੌਤ ਹੋ ਗਈ ਸੀ।
ਫੌਜੀ ਮਨਿੰਦਰਪ੍ਰੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਤਿਰੰਗੇ ਨਾਲ ਲਪੇਟ ਕੇ ਤਾਬੂਤ ਵਿੱਚ ਬੰਦ ਕਰਕੇ 14 ਸਿੱਖ ਐਲਆਈ ਰੈਜੀਮੈਂਟ ਦੇ ਜਵਾਨ ਜੱਦੀ ਪਿੰਡ ਸਾਲੋਵਾਲ ਪੁੱਜੇ। ਐਤਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਬਟਾਲੀਅਨ ਦੇ ਜਵਾਨਾਂ ਨੇ ਫੌਜੀ ਮਨਿੰਦਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਲਾਮੀ ਦਿੱਤੀ। ਇਸ ਦੇ ਨਾਲ ਹੀ ਅਰਦਾਸ ਉਪਰੰਤ ਸਿਪਾਹੀ ਮਨਿੰਦਰਪ੍ਰੀਤ ਸਿੰਘ ਦੇ ਪਿਤਾ ਦਲੀਪ ਸਿੰਘ ਨੇ ਆਪਣੇ ਪੁੱਤਰ ਦੀ ਦੇਹ ਨੂੰ ਅਗਨ ਭੇਟ ਕੀਤਾ।
ਅੰਤਿਮ ਯਾਤਰਾ ‘ਤੇ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਅਤੇ ਨਾ ਹੀ ਕੋਈ ਸਿਆਸਤਦਾਨ ਪਹੁੰਚਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਮਨਿੰਦਰਪ੍ਰੀਤ ਸਿੰਘ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਸੱਤ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ 14 ਸਿੱਖ ਐਲ.ਆਈ. ਵਿੱਚ ਤਾਇਨਾਤ ਸੀ।
ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਨ੍ਹਾਂ ਦੀ ਰੈਜੀਮੈਂਟ ਦੇ ਅਧਿਕਾਰੀਆਂ ਨੇ ਸੂਚਨਾ ਦਿੱਤੀ ਸੀ ਕਿ ਮਨਿੰਦਰਪ੍ਰੀਤ ਸਿੰਘ ਦੀ ਬ੍ਰੇਨ ਅਟੈਕ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਫੌਜੀ ਮਨਿੰਦਰਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ ਅਤੇ ਛੇ ਸਾਲ ਦੀ ਬੱਚੀ ਛੱਡ ਗਿਆ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜਦੋਂ ਉਸ ਦੀ ਬੇਟੀ ਵੱਡੀ ਹੋ ਜਾਵੇ ਤਾਂ ਸਰਕਾਰ ਉਸ ਨੂੰ ਸਰਕਾਰੀ ਨੌਕਰੀ ਦੇਵੇ।
ਫੌਜੀ ਮਨਿੰਦਰਪ੍ਰੀਤ ਸਿੰਘ ਦੀ ਪਤਨੀ ਤਾਬੂਤ ‘ਤੇ ਸਿਰ ਰੱਖ ਕੇ ਰੋਂਦੀ ਰਹੀ
ਤਿਰੰਗੇ ਵਿੱਚ ਲਪੇਟੀ ਹੋਈ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਸਿਪਾਹੀ ਮਨਿੰਦਰਪ੍ਰੀਤ ਸਿੰਘ ਦੀ ਪਤਨੀ ਕਮਲਜੀਤ ਕੌਰ ਨੇ ਤਾਬੂਤ ’ਤੇ ਸਿਰ ਰੱਖ ਦਿੱਤਾ ਅਤੇ ਕਰੀਬ 15 ਮਿੰਟ ਤੱਕ ਉਹ ਤਾਬੂਤ ’ਤੇ ਸਿਰ ਰੱਖ ਕੇ ਰੋਂਦੀ ਰਹੀ। ਕਮਲਜੀਤ ਕੌਰ ਨੇ ਦੱਸਿਆ ਕਿ ਮਨਿੰਦਰਪ੍ਰੀਤ ਸਿੰਘ ਕਹਿੰਦਾ ਸੀ ਕਿ ਉਹ ਹਮੇਸ਼ਾ ਉਸ ਦੇ ਨਾਲ ਹੈ। ਉਸ ਦਾ ਪਤੀ ਹਮੇਸ਼ਾ ਉਸ ਨੂੰ ਕਹਿੰਦਾ ਸੀ ਕਿ ਉਹ ਉਸ ਦੀ ਧੀ ਨੂੰ ਬਹੁਤ ਪੜ੍ਹਾਏਗਾ। ਉਹ ਕਹਿੰਦਾ ਸੀ ਕਿ ਜੇ ਉਸ ਦੀ ਧੀ ਪਹਿਲੇ ਨੰਬਰ ਤੇ ਆਏਗੀ ਤਾਂ ਉਹ ਆਪਣੀ ਧੀ ਨੂੰ ਲੈਪਟਾਪ ਲੈ ਕੇ ਦੇਵੇਗਾ।