ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਰਾਮਾ ਮੰਡੀ ‘ਚ ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਲਾਸ਼ ਨੂੰ ਸਿਵਲ ਹਸਪਤਾਲ ਲੈ ਕੇ ਆਏ ਰਿਸ਼ਤੇਦਾਰ ਉਸ ਦੀ ਮੌਤ ਨੂੰ ਖੁਦਕੁਸ਼ੀ ਬਣਾ ਕੇ ਮਾਮਲੇ ਨੂੰ ਖਤਮ ਕਰਨ ਦਾ ਦੋਸ਼ ਲਗਾ ਰਹੇ ਸਨ। ਬਾਅਦ ਵਿੱਚ ਵਿਆਹੁਤਾ ਦੇ ਰਿਸ਼ਤੇਦਾਰਾਂ ਵੱਲੋਂ ਹੰਗਾਮਾ ਕੀਤਾ ਗਿਆ। ਹੰਗਾਮਾ ਕਰਨ ਵਾਲੇ ਵਿਆਹੁਤਾ ਦੇ ਰਿਸ਼ਤੇਦਾਰਾਂ ਵੱਲੋਂ ਦੋਸ਼ ਲਾਇਆ ਗਿਆ ਕਿ ਉਸ ਦੀ ਲੜਕੀ ਨੂੰ ਸਹੁਰੇ ਪਰਿਵਾਰ ਨੇ ਮਾਰ ਦਿੱਤਾ ਹੈ। ਮ੍ਰਿਤਕ ਲੜਕੀ ਦੀ ਪਛਾਣ ਸੁਖਵਿੰਦਰ ਵਜੋਂ ਹੋਈ ਹੈ। ਵਿਆਹੁਤਾ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਸੁਖਵਿੰਦਰ ਦਾ ਵਿਆਹ 12 ਸਾਲ ਪਹਿਲਾਂ ਬਲਵਿੰਦਰ ਸਿੰਘ ਵਾਸੀ ਏਕਤਾ ਨਗਰ ਰਾਮਾ ਮੰਡੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਦੋ ਬੱਚੇ ਵੀ ਹੋਏ।
ਪੇਕੇ ਪਰਿਵਾਰ ਦਾ ਦੋਸ਼, ਸੱਸ ਦੀ ਮੌਤ ਤੋਂ ਬਾਅਦ ਸਹੁਰੇ ਕਰਨ ਲੱਗੇ ਪ੍ਰੇਸ਼ਾਨ
ਲੜਕੀ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਸੁਖਵਿੰਦਰ ਦੀ ਸੱਸ ਦੀ ਮੌਤ ਤੋਂ ਬਾਅਦ ਉਸ ਦਾ ਪਤੀ ਉਸ ਦੇ ਪਤੀ ਦੀਆਂ ਭੈਣਾਂ ਅਤੇ ਜਵਾਈ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੀ ਨੂੰ ਦੋ ਦਿਨ ਪਹਿਲਾਂ ਉਸ ਦੇ ਸਹੁਰੇ ਪਰਿਵਾਰ ਨੇ ਜ਼ਹਿਰ ਖੁਆ ਕੇ ਮਾਰ ਦਿੱਤਾ ਸੀ ਜਿਸ ਦੀ ਸੂਚਨਾ ਕੱਲ੍ਹ ਉਨ੍ਹਾਂ ਨੂੰ ਦਿੱਤੀ ਗਈ ਸੀ। ਉਨ੍ਹਾਂ ਇਲਜ਼ਾਮ ਲਗਾਇਆ ਗਿਆ ਕਿ ਪੁਲਿਸ ਨੂੰ ਦੱਸਿਆ ਪਰ ਪੁਲਿਸ ਵੱਲੋਂ ਸਹੁਰੇ ਪਰਿਵਾਰ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਏ.ਸੀ.ਪੀ ਸੈਂਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਸਹੁਰੇ ਪਰਿਵਾਰ ਨੇ ਬਿਆਨ ਦਿੱਤੇ ਹਨ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 306 ਦਾ ਮਾਮਲਾ ਦਰਜ ਕੀਤਾ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹੋ ਜਿਹੀ ਕੋਈ ਗੱਲ ਸਾਹਮਣੇ ਆਵੇਗੀ ਤਾਂ ਯਕੀਨੀ ਤੌਰ ਉਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।