ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਐਤਵਾਰ ਰਾਤ 2 ਵਜੇ ਦੇ ਕਰੀਬ ਥਾਣਾ ਸਾਹਨੇਵਾਲ ਦੇ ਪਿੰਡ ਜਸਪਾਲ ਬੰਗੜ ਵਿੱਚ ਪਾਹਵਾ ਰੋਡ ’ਤੇ ਇੱਕ ਫੈਕਟਰੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਕੁਝ ਬਦਮਾਸ਼ ਬੋਲੈਰੋ ਕਾਰ ‘ਚ ਆਏ। ਫੈਕਟਰੀ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ। ਰੌਲਾ ਸੁਣ ਕੇ ਫੈਕਟਰੀ ਮਾਲਕ ਦੇ ਭਰਾ ਦਾ ਲੜਕਾ ਅਤੇ ਮਜ਼ਦੂਰ ਬਾਹਰ ਆ ਗਏ। ਚੋਰਾਂ ਨੂੰ ਦੇਖ ਕੇ ਮਜ਼ਦੂਰਾਂ ਨੇ ਰੌਲਾ ਪਾ ਦਿੱਤਾ।
ਲੋਕਾਂ ਨੂੰ ਆਉਂਦੇ ਦੇਖ ਚੋਰ ਭੱਜਣ ਲੱਗੇ ਅਤੇ ਜਾਂਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਬਾਰੀ ਵਿਚ ਇਕ ਗੋਲੀ ਫੈਕਟਰੀ ਕਰਮਚਾਰੀ ਵਿਕਰਮ ਉਮਰ 35 ਸਾਲ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸੇ ਦੌਰਾਨ ਇੱਕ ਗੋਲੀ ਫੈਕਟਰੀ ਮਾਲਕ ਦੇ ਭਰਾ ਦੇ ਲੜਕੇ ਜਸਪ੍ਰੀਤ ਸਿੰਘ ਦੇ ਕੰਨ ਨੂੰ ਛੂਹ ਕੇ ਨਿਕਲ ਗਈ। ਜਸਪ੍ਰੀਤ ਸਿੰਘ ਨੇ ਬਦਮਾਸ਼ਾਂ ਦਾ ਪਿੱਛਾ ਵੀ ਕੀਤਾ ਪਰ ਬਦਮਾਸ਼ ਚਕਮਾ ਦੇ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ 6 ਫਾਇਰ ਹੋਏ।
ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਸਿੰਘ ਨੇ ਸ਼ਰਾਰਤੀ ਅਨਸਰਾਂ ਦੀ ਗੱਡੀ ਨੂੰ ਪਿੱਛੇ ਤੋਂ ਫੜ ਲਿਆ ਸੀ, ਪਰ ਉਹ ਕਾਫੀ ਦੂਰੀ ਤੱਕ ਖਿੱਚ ਕੇ ਲੈ ਗਏ। ਫੈਕਟਰੀ ਸੰਚਾਲਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਥਾਣਾ ਸਾਹਨੇਵਾਲ ਅਤੇ ਚੌਕੀ ਕੰਗਣਵਾਲ ਦੀ ਪੁਲੀਸ ਟੀਮ ਮੌਕੇ ’ਤੇ ਪੁੱਜ ਗਈ। ਗੋਲੀਬਾਰੀ ਦਾ ਪਤਾ ਲੱਗਦਿਆਂ ਹੀ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ, ਡੀਸੀਪੀ ਕ੍ਰਾਈਮ ਅਤੇ ਸੀਆਈਏ-2 ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ।
ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਅੱਜ ਸਵੇਰੇ ਪੁਲੀਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਲੱਗੇ ਸੇਫ਼ ਸਿਟੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਟੀਮਾਂ ਕੰਮ ਕਰ ਰਹੀਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।