ਇਹ ਖਬਰ ਪੰਜਾਬ ਦੇ ਨਵਾਂਸ਼ਹਿਰ ਬੰਗਾ ਤੋਂ ਪ੍ਰਾਪਤ ਹੋਈ ਹੈ। ਇੱਥੋਂ ਨੇੜਲੇ ਪਿੰਡ ਕਾਹਮਾ ਦੇ ਡਾਕਖਾਨੇ ‘ਚ ਇਕ ਕਰਮਚਾਰੀ ਵਲੋਂ ਇੰਸਪੈਕਟਰ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰਮਚਾਰੀ ਦੀ ਪਛਾਣ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਲਧਾਣਾ ਉਚਾ ਨਵਾਂਸ਼ਹਿਰ ਦੇ ਰੂਪ ਵਿਚ ਹੋਈ ਹੈ। ਜੋ ਡਾਕਖਾਨੇ ਵਿੱਚ ਜੀ.ਡੀ.ਐਮ.ਸੀ. ਡਾਕ ਲਿਜਾਣ ਦਾ ਕੰਮ ਕਰਦੇ ਸਨ। ਮ੍ਰਿਤਕ ਨੇ ਡਾਕਘਰ ਵਿਚ ਬਤੌਰ ਇੰਸਪੈਕਟਰ ਦੇ ਅਹੁਦੇ ‘ਤੇ ਤਾਇਨਾਤ ਸੰਦੀਪ ਕੁਮਾਰ ਤੋਂ ਪਰੇਸ਼ਾਨ ਹੋ ਕੇ ਸਲਫਾਸ ਨਿਗਲ ਲਈ ਹੈ।
ਥਾਣਾ ਸਦਰ ਬੰਗਾ ਦੀ ਪੁਲੀਸ ਨੇ ਮ੍ਰਿਤਕ ਪਰਮਿੰਦਰ ਸਿੰਘ ਦੇ ਪੁੱਤਰ ਮਨਦੀਪ ਸਿੰਘ ਦੇ ਬਿਆਨਾਂ ਅਤੇ ਉਸ ਕੋਲੋਂ ਮਿਲੇ ਸੁਸਾਈਡ ਨੋਟ ਦੇ ਆਧਾਰ ’ਤੇ ਵਿਭਾਗ ਦੇ ਇੰਸਪੈਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਸਿਵਲ ਹਸਪਤਾਲ ਬੰਗਾ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਨੇ ਪਿੰਡ ਲਧਾਣਾ ਉੱਚਾ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਹੈ।
ਥਾਣਾ ਸਦਰ ਬੰਗਾ ਪੁਲੀਸ ਨੇ ਮ੍ਰਿਤਕ ਵਲੋਂ ਲਿਖੇ ਗਏ ਸੁਸਾਇਡ ਨੋਟ ਅਤੇ ਮ੍ਰਿਤਕ ਦੇ ਪੁੱਤਰ ਮਨਦੀਪ ਸਿੰਘ ਵੱਲੋਂ ਖ਼ੁਦਕੁਸ਼ੀ ਨੋਟ ਲਿਖ ਕੇ ਕਥਿਤ ਇੰਸਪੈਕਟਰ ਸੰਦੀਪ ਕੁਮਾਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਵਿਭਾਗ ਦਾ ਇੰਸਪੈਕਟਰ ਉਸ ਦੇ ਪਿਤਾ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਵਾਰ-ਵਾਰ ਉਸ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੰਦਾ ਸੀ। ਧਮਕੀਆਂ ਦੇਣ ਕਾਰਨ ਉਸ ਨੇ ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਪਿਤਾ ਪੂਰੇ ਪਰਿਵਾਰ ਦਾ ਇਕੱਲਾ ਰੋਟੀ ਕਮਾਉਣ ਵਾਲਾ ਸੀ ਜਦੋਂ ਕਿ ਉਹ 10+2 ਪਾਸ ਹੈ ਅਤੇ ਬੇਰੁਜ਼ਗਾਰ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਇੰਸਪੈਕਟਰ ਨੇ ਇੰਨਾ ਪ੍ਰੇਸ਼ਾਨ ਕੀਤਾ ਕਿ ਉਸ ਨੇ ਮੌਤ ਨੂੰ ਗਲੇ ਲਗਾ ਲਿਆ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਿਤਾ ਪਰਮਿੰਦਰ ਸਿੰਘ ਜੋ ਕਿ 2000 ਤੋਂ ਮਹਿਕਮੇ ਵਿੱਚ ਸੇਵਾ ਨਿਭਾਅ ਰਹੇ ਸਨ ਪਰ 22 ਸਾਲ ਵਿਭਾਗ ਵਿੱਚ ਸੇਵਾ ਕਰਨ ਦੇ ਬਾਵਜੂਦ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕਰਨ ਦੀ ਬਜਾਏ ਉਨ੍ਹਾਂ ਨੂੰ ਉਕਤ ਇੰਸਪੈਕਟਰ ਵੱਲੋਂ ਜ਼ਲੀਲ ਕੀਤਾ ਗਿਆ। ਉਸ ਦੇ ਪਿਤਾ ਇਸ ਸਮੇਂ ਟਾਈਫਾਈਡ ਤੋਂ ਪੀੜਤ ਸਨ ਅਤੇ ਕਮਜ਼ੋਰ ਹੋਣ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਸ ਨੇ ਉਕਤ ਇੰਸਪੈਕਟਰ ਤੋਂ ਆਪਣੀ ਬਿਮਾਰੀ ਦੌਰਾਨ ਆਰਾਮ ਕਰਨ ਲਈ ਛੁੱਟੀ ਮੰਗੀ, ਜੋ ਉਸ ਦੀ ਮੰਗ ਅਨੁਸਾਰ ਮਨਜ਼ੂਰ ਨਹੀਂ ਕੀਤੀ ਗਈ ਪਰ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਰਿਸ਼ਤੇਦਾਰਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਉਕਤ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।