ਇਹ ਖਬਰ ਪੰਜਾਬ ਦੇ ਗੁਰਦਾਸਪੁਰ ਬਟਾਲਾ ਤੋਂ ਸਾਹਮਣੇ ਆਈ ਹੈ। ਇਥੇ ਸ਼ਹਿਰ ਦੇ ਅੰਮ੍ਰਿਤਸਰ ਰੋਡ ‘ਤੇ ਸਥਿਤ ਇਕ ਸਕਰੈਪ ਦੀ ਦੁਕਾਨ ਤੋਂ ਆਲਟੋ ਕਾਰ ‘ਤੇ ਆਏ ਅਣਪਛਾਤੇ ਵਿਅਕਤੀ ਕੁਝ ਖਰੀਦਣ ਦੇ ਬਹਾਨੇ 9 ਲੱਖ 50 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ। ਪੀੜਤ ਵਲੋਂ ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਦੁਕਾਨ ਦੇ ਮਾਲਕ ਪਵਨ ਕੁਮਾਰ ਵਾਸੀ ਮਹਾਜਨ ਕਾਲੋਨੀ ਨੇ ਦੱਸਿਆ ਕਿ ਉਸ ਦੀ ਅੰਮ੍ਰਿਤਸਰ ਰੋਡ ‘ਤੇ ਕਬਾੜ ਦੀ ਦੁਕਾਨ ਹੈ। ਮੰਗਲਵਾਰ ਸਵੇਰੇ ਕਰੀਬ 10.30 ਵਜੇ ਉਸ ਦਾ ਲੜਕਾ ਆਸ਼ੂ ਘਰੋਂ 9 ਲੱਖ 50 ਹਜ਼ਾਰ ਰੁਪਏ ਲੈ ਕੇ ਉਸ ਦੀ ਦੁਕਾਨ ‘ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਇੱਕ ਆਲਟੋ ਕਾਰ ਖੜ੍ਹੀ ਸੀ, ਜਿਸ ‘ਚ ਤਿੰਨ ਵਿਅਕਤੀ ਸਵਾਰ ਸਨ। ਉਸ ਨੇ ਦੱਸਿਆ ਕਿ ਜਦੋਂ ਉਸ ਦਾ ਲੜਕਾ ਦੁਕਾਨ ਖੋਲ੍ਹ ਕੇ ਦੁਕਾਨ ਵਿਚ ਪਈ ਅਲਮਾਰੀ ਵਿਚ ਪੈਸੇ ਰੱਖ ਰਿਹਾ ਸੀ ਤਾਂ ਇਕ ਵਿਅਕਤੀ ਉਸ ਦੀ ਦੁਕਾਨ ‘ਤੇ ਆਇਆ ਅਤੇ ਉਸ ਦੇ ਲੜਕੇ ਤੋਂ ਗਾਰਡਰ ਦੀ ਮੰਗ ਕੀਤੀ।
ਪਵਨ ਕੁਮਾਰ ਨੇ ਦੱਸਿਆ ਕਿ ਉਸ ਦੇ ਲੜਕੇ ਆਸ਼ੂ ਨੇ ਅਲਮਾਰੀ ਵਿਚ ਪੈਸੇ ਰੱਖੇ ਹੋਏ ਸਨ ਅਤੇ ਅਲਮਾਰੀ ਨੂੰ ਤਾਲਾ ਲਗਾ ਦਿੱਤਾ ਅਤੇ ਗਾਰਡਰ ਲੈਣ ਲਈ ਗੋਦਾਮ ਦੇ ਅੰਦਰ ਗਿਆ। ਇਸ ਦੌਰਾਨ ਪਿੱਛਿਓਂ ਗਾਰਡਰ ਖਰੀਦਣ ਆਏ ਮੁਲਜ਼ਮਾਂ ਨੇ ਅਲਮਾਰੀ ਤੋੜ ਕੇ ਉਸ ਵਿੱਚ ਰੱਖੇ 9 ਲੱਖ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਜਦੋਂ ਉਸ ਦਾ ਲੜਕਾ ਵਾਪਸ ਆਇਆ ਤਾਂ ਦੇਖਿਆ ਕਿ ਅਲਮਾਰੀ ਆਪਣੀ ਥਾਂ ਤੋਂ ਹਿੱਲੀ ਹੋਈ ਸੀ। ਜਦੋਂ ਉਸ ਨੇ ਅਲਮਾਰੀ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਪੈਸੇ ਗਾਇਬ ਸਨ ਅਤੇ ਕਾਰ ਅਤੇ ਉਸ ਵਿੱਚ ਸਵਾਰ ਵਿਅਕਤੀ ਵੀ ਨਹੀਂ ਸਨ। ਉਨ੍ਹਾਂ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਪੁਲਿਸ ਨੇ CCTV ਫੁਟੇਜ ਕਬਜ਼ੇ ਵਿਚ ਲਈ
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਸਿਟੀ ਲਲਿਤ ਕੁਮਾਰ ਅਤੇ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਕੁਲਵੰਤ ਸਿੰਘ ਮਾਨ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਲਲਿਤ ਕੁਮਾਰ ਅਤੇ ਐਸਐਚਓ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪੁਲੀਸ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।