ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਸਾਹਨੇਵਾਲ ਥਾਣੇ ਦੇ ਪਿੰਡ ਜਸਪਾਲ ਬਾਂਗਰ ਦੇ ਪਾਹਵਾ ਰੋਡ ‘ਤੇ ਸਥਿਤ ਫੈਕਟਰੀ ‘ਚ ਐਤਵਾਰ ਸਵੇਰੇ 4 ਵਜੇ ਦੇ ਕਰੀਬ ਗੋਲੀਬਾਰੀ ਹੋਈ ਸੀ। ਵਰਕਰਾਂ ‘ਤੇ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਨੂੰ ਜ਼ਿਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਬਦਮਾਸ਼ਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਇਨ੍ਹਾਂ ਹਮਲਾਵਰਾਂ ਦੀ ਗਿਣਤੀ 2 ਦੱਸੀ ਜਾ ਰਹੀ ਹੈ।
ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਬਦਮਾਸ਼ ਜਸਪਾਲ ਬਾਂਗਰ ਨਜਦੀਕ ਪਿੰਡ ਧਰੋੜ ਦੇ ਰਹਿਣ ਵਾਲੇ ਹਨ। ਦੋਸ਼ੀਆਂ ਦੀ ਪਛਾਣ ਪਰਮਜੀਤ ਸਿੰਘ ਅਤੇ ਜਤਿੰਦਰ ਸਿੰਘ ਉਰਫ ਛੋਟੂ ਦੇ ਰੂਪ ਵਜੋਂ ਹੋਈ ਹੈ। ਦੋਸ਼ੀ ਸ਼ਨੀਵਾਰ ਰਾਤ 12 ਵਜੇ ਫੈਕਟਰੀ ਦੀ ਕੰਧ ਤੋੜ ਕੇ ਅੰਦਰ ਦਾਖਲ ਹੋਏ। ਫਿਰ ਦੋਸ਼ੀ ਸਵੇਰੇ 4 ਵਜੇ ਦੁਬਾਰਾ ਫੈਕਟਰੀ ਦੇ ਪਿਛਲੇ ਪਾਸੇ ਪਹੁੰਚ ਗਏ ਅਤੇ ਨਟ ਬੋਲਟ ਦੀਆਂ ਬੋਰੀਆਂ ਚੋਰੀ ਕਰਨ ਲੱਗੇ। ਜਦੋਂ ਫੈਕਟਰੀ ਮਾਲਕ ਦੇ ਭਤੀਜੇ ਅਤੇ ਮਜ਼ਦੂਰਾਂ ਨੇ ਹਰਕਤ ਵੇਖੀ ਤਾਂ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਫੈਕਟਰੀ ਮਾਲਕ ਦਾ ਭਤੀਜਾ ਜ਼ਖਮੀ ਹੋ ਗਿਆ। ਫੈਕਟਰੀ ਮਾਲਕ ਦੇ ਭਤੀਜਿਆਂ ਵੱਲੋਂ ਬਦਮਾਸ਼ਾਂ ਦਾ ਪਿੱਛਾ ਕਰਕੇ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਕਰੀਬ 500 ਮੀਟਰ ਦੀ ਦੂਰੀ ਤੱਕ ਉਨ੍ਹਾਂ ਨੂੰ ਖਿੱਚ ਕੇ ਲੈ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਬੋਲੈਰੋ ‘ਚ ਆਏ ਬਦਮਾਸ਼ ਫੈਕਟਰੀ ਦੀ ਕੰਧ ਭੰਨ ਕੇ ਅੰਦਰ ਦਾਖਲ ਹੋ ਗਏ। ਰੌਲਾ ਸੁਣ ਕੇ ਫੈਕਟਰੀ ਮਾਲਕ ਦੇ ਭਰਾ ਦਾ ਲੜਕਾ ਅਤੇ ਮਜ਼ਦੂਰ ਬਾਹਰ ਆ ਗਏ। ਚੋਰਾਂ ਨੂੰ ਦੇਖ ਕੇ ਮਜ਼ਦੂਰਾਂ ਨੇ ਰੌਲਾ ਪਾਇਆ। ਲੋਕਾਂ ਨੂੰ ਆਉਂਦੇ ਦੇਖ ਕੇ ਚੋਰ ਭੱਜਣ ਲੱਗੇ ਅਤੇ ਜਾਂਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ।ਫਾਇਰਿੰਗ ‘ਚ ਇਕ ਗੋਲੀ ਫੈਕਟਰੀ ਵਰਕਰ 35 ਸਾਲਾ ਭਿਵਾਨੀ ਭੀਕਮ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸੇ ਦੌਰਾਨ ਇੱਕ ਗੋਲੀ ਫੈਕਟਰੀ ਮਾਲਕ ਦੇ ਭਰਾ ਦੇ ਲੜਕੇ ਜਸਪ੍ਰੀਤ ਸਿੰਘ ਦੇ ਕੰਨ ਨੂੰ ਛੂਹ ਕੇ ਨਿਕਲ ਗਈ।
ਘਟਨਾ ਵਾਲੀ ਥਾਂ ‘ਤੇ 6 ਗੋਲੀਆਂ ਚਲਾਈਆਂ ਗਈਆਂ। ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੀਲੇ ਰੰਗ ਦੀ ਤਰਪਾਲ ਵਾਲੀ ਗੱਡੀ ਦਾ ਪਤਾ ਲਾਇਆ। ਪੁਲੀਸ ਨੇ ਦੋਸ਼ੀਆਂ ਕੋਲੋਂ 32 ਬੋਰ ਦਾ ਰਿਵਾਲਵਰ, ਸੱਬਲ, ਕਿਰਪਾਨ, ਰਾਡ, 12 ਬੋਰੀਆਂ ਲੁੱਟਿਆ ਹੋਇਆ ਨਟ ਬੋਲਟ ਅਤੇ ਮਹਿੰਦਰਾ ਪਿਕਅੱਪ ਬਰਾਮਦ ਕੀਤਾ ਹੈ।