ਇਹ ਖਬਰ ਪੰਜਾਬ ਦੇ ਮਾਛੀਵਾੜਾ ਤੋਂ ਪ੍ਰਾਪਤ ਹੋਈ ਹੈ। ਮਾਛੀਵਾੜਾ ਦੇ ਨੇੜਲੇ ਪਿੰਡ ਰਾਣਵਾਂ ਵਿੱਚ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਦੀਪ ਸਿੰਘ ਉਮਰ 30 ਸਾਲ ਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਦੀ ਮੌਤ ਦੇ ਦੋਸ਼ ਵਿਚ ਰਾਜਵਿੰਦਰ ਕੌਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਨੇ ਪੁਲੀਸ ਕੋਲ ਆਪਣੇ ਬਿਆਨ ਦਰਜ ਕਰਵਾਏ ਅਤੇ ਦੱਸਿਆ ਕਿ ਉਸ ਦਾ ਲੜਕਾ ਦੁਬਈ ਵਿੱਚ ਕੰਮ ਕਰਦਾ ਸੀ ਅਤੇ ਕਰੀਬ ਢਾਈ ਕੁ ਸਾਲ ਪਹਿਲਾਂ ਵਾਪਸ ਆਇਆ ਸੀ।
ਜਦੋਂ ਉਸ ਦਾ ਲੜਕਾ ਗੁਰਦੀਪ ਸਿੰਘ ਵਿਦੇਸ਼ ਰਹਿੰਦਾ ਸੀ ਤਾਂ ਉਹ ਆਪਣੀ ਕਮਾਈ ਪਿੰਡ ਦੀ ਹੀ ਰਹਿਣ ਵਾਲੀ ਰਾਜਵਿੰਦਰ ਕੌਰ ਨੂੰ ਭੇਜਦੇ ਦਿੰਦਾ ਸੀ ਕਿਉਂਕਿ ਉਨ੍ਹਾਂ ਦੇ ਆਪਸ ਵਿੱਚ ਸਬੰਧ ਸੀ। ਉਸ ਦੇ ਲੜਕੇ ਨੇ ਰਾਜਵਿੰਦਰ ਕੌਰ ਨੂੰ ਕਰੀਬ 1.20 ਲੱਖ ਰੁਪਏ ਦਿੱਤੇ ਸਨ ਅਤੇ ਜਦੋਂ ਉਹ ਉਸ ਦੇ ਪੈਸੇ ਵਾਪਸ ਮੰਗ ਰਿਹਾ ਸੀ ਤਾਂ ਉਹ ਉਸ ਨਾਲ ਲੜਾਈ ਕਰ ਰਹੀ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਉਸ ਦਾ ਲੜਕਾ ਰਾਜਵਿੰਦਰ ਕੌਰ ਦੇ ਘਰ ਪੈਸੇ ਮੰਗਣ ਗਿਆ। ਕੁਝ ਸਮੇਂ ਬਾਅਦ ਉਕਤ ਔਰਤ ਉਸ ਦੇ ਘਰ ਆਈ ਤਾਂ ਉਸ ਨੇ ਗੁਰਦੀਪ ਸਿੰਘ ਦਾ ਗਲਾ ਫੜ ਕੇ ਉਸ ਦੇ ਮੂੰਹ ‘ਤੇ ਥੱਪੜ ਮਾਰਿਆ ਅਤੇ ਗਾਲ੍ਹਾਂ ਕੱਢਦੇ ਹੋਏ ਕਿਹਾ ਕਿ ਤੇਰਾ ਕੋਈ ਪੈਸੇ ਨਹੀਂ ਦੇਣਾ ਹੈ। ਇਸ ਘਟਨਾ ਤੋਂ ਬਾਅਦ ਗੁਰਦੀਪ ਸਿੰਘ ਰੋਂਦਾ ਰਿਹਾ ਅਤੇ ਕਿਹਾ ਕਿ ਉਸ ਨੂੰ ਬਹੁਤ ਬੇਇੱਜ਼ਤ ਕੀਤਾ ਗਿਆ ਹੈ ਅਤੇ ਉਹ ਹੁਣ ਮਰ ਜਾਵੇਗਾ।
ਸ਼ਾਮ ਨੂੰ ਗੁਰਦੀਪ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਅਤੇ ਉਲਟੀਆਂ ਕਰਨ ਲੱਗ ਪਿਆ। ਉਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਸੀ.ਐਮ.ਸੀ. ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਾਛੀਵਾੜਾ ਪੁਲਸ ਨੇ ਮ੍ਰਿਤਕ ਗੁਰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਰਾਜਵਿੰਦਰ ਕੌਰ ਖਿਲਾਫ ਮਰਨ ਲਈ ਮਜਬੂਰ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ।