ਪੈਦਲ ਚੱਲ ਕੇ ਆਏ ਅਣਪਛਾਤੇ ਵਿਅਕਤੀ ਨੇ ਕੀਤਾ ਮਾੜਾ ਕੰਮ, ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਪੈਦਲ ਹੀ ਹੋਇਆ ਫਰਾਰ

Punjab

ਪੰਜਾਬ ਦੇ ਜਿਲ੍ਹਾ ਪਟਿਆਲਾ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਕਰਮਚਾਰੀ ਨੂੰ ਅਣਪਛਾਤੇ ਵਿਅਕਤੀ ਨੇ ਸਿਰ ਅਤੇ ਪੇਟ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਿਆ। ਥਾਣਾ ਤ੍ਰਿਪੜੀ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕਰਿੰਦੇ ਦੀ ਪਛਾਣ ਵਿਕਾਸ ਕੁਮਾਰ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਇਹ ਘਟਨਾ ਪਟਿਆਲਾ-ਭਾਦਸੋਂ ਰੋਡ ਦੀ ਹੈ।

ਮ੍ਰਿਤਕ ਕਰਮਚਾਰੀ ਦੀ ਤਸਵੀਰ

ਸ਼ਰਾਬ ਦੇ ਠੇਕੇ ਦੇ ਮਾਲਕ ਸੌਰਭ ਸੂਦ ਨੇ ਦੱਸਿਆ ਕਿ ਮ੍ਰਿਤਕ ਵਿਕਾਸ ਕੁਮਾਰ ਕਰੀਬ ਚਾਰ ਸਾਲ ਤੋਂ ਉਸ ਕੋਲ ਕੰਮ ਕਰਦਾ ਸੀ। ਵੀਰਵਾਰ ਸ਼ਾਮ ਨੂੰ ਜਦੋਂ ਉਹ ਠੇਕੇ ‘ਤੇ ਇਕੱਲਾ ਸੀ ਤਾਂ ਉਸ ਸਮੇਂ ਇਕ 22 ਸਾਲਾ ਨੌਜਵਾਨ ਪੈਦਲ ਹੀ ਠੇਕੇ ‘ਤੇ ਪਹੁੰਚਿਆ। ਉਸ ਨੇ ਪਹਿਲਾਂ ਕਰਿੰਦੇ ਵਿਕਾਸ ਕੁਮਾਰ ਦੇ ਸਿਰ ’ਤੇ ਚਾਕੂ ਨਾਲ ਵਾਰ ਕੀਤਾ। ਇਸ ਤੋਂ ਬਾਅਦ ਉਸ ਦੇ ਪੇਟ ਵਿੱਚ ਚਾਕੂ ਨਾਲ ਦੋ ਵਾਰ ਕੀਤੇ ਗਏ। ਜਿਸ ਕਾਰਨ ਵਿਕਾਸ ਕੁਮਾਰ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ ‘ਤੇ ਡਿੱਗ ਗਿਆ।

ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪੈਦਲ ਹੀ ਫਰਾਰ ਹੋ ਗਿਆ। ਆਸ-ਪਾਸ ਦੇ ਦੁਕਾਨਦਾਰਾਂ ਵਲੋਂ ਉਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਕਰਿੰਦੇ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਰਿੰਦੇ ਵਿਕਾਸ ਕੁਮਾਰ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਪਤਨੀ ਹਿਮਾਚਲ ‘ਚ ਆਪਣੇ ਸੱਸ ਸਹੁਰੇ ਨਾਲ ਰਹਿੰਦੀ ਹੈ।

ਦੂਜੇ ਪਾਸੇ ਥਾਣਾ ਤ੍ਰਿਪੜੀ ਦੇ ਇੰਚਾਰਜ ਕਰਨਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਦੇ ਬਿਆਨ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦੋਸ਼ੀ ਦੀ ਭਾਲ ਜਾਰੀ ਹੈ। ਇਸ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

Leave a Reply

Your email address will not be published. Required fields are marked *