ਇਹ ਦੁਖਦਾਈ ਖ਼ਬਰ ਤਰਨਤਾਰਨ ਤੋ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਬਾਣੀਆ ਵਿੱਚ ਸ਼ਨੀਵਾਰ ਨੂੰ ਕਈ ਘਰਾਂ ਦੇ ਚੁੱਲ੍ਹੇ ਨਹੀਂ ਬਲੇ। ਪਿੰਡ ਦੇ ਹੀ ਰਹਿਣ ਵਾਲੇ ਏ.ਐਸ.ਆਈ ਸਤਨਾਮ ਸਿੰਘ ਬਾਵਾ ਆਪਣੀ ਪਤਨੀ ਜਗਦੀਸ਼ ਕੌਰ ਨਾਲ ਬੇਟੇ ਨੂੰ ਮਿਲਣ ਕੈਨੇਡਾ ਦੇ ਸ਼ਹਿਰ ਬਰੈਮਟਨ ਗਏ ਸਨ, ਜਿੱਥੋਂ ਉਨ੍ਹਾਂ ਨੂੰ ਹੁਣ ਉਸਦੀ ਮ੍ਰਿਤਕ ਦੇਹ ਲਿਆਉਣੀ ਪਵੇਗੀ। ਉੱਥੇ ਉਨ੍ਹਾਂ ‘ਤੇ ਦੁੱਖਾਂ ਦਾ ਏਨਾ ਵੱਡਾ ਪਹਾੜ ਟੁੱਟੇਗਾ, ਸ਼ਾਇਦ ਉਨ੍ਹਾਂ ਬਦਕਿਸਮਤ ਮਾਪਿਆਂ ਨੇ ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ।
ਸੰਨ 2016 ਵਿਚ ਸਟੱਡੀ ਵੀਜੇ ਤੇ ਕੈਨੇਡਾ ਗਿਆ ਨਵਰੂਪ ਸਿੰਘ ਜੌਹਲ ਅਚਾਨਕ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ। ਕੁਝ ਸਮਾਂ ਪਹਿਲਾਂ ਪਿਤਾ ਏਐਸਆਈ ਸਤਨਾਮ ਸਿੰਘ ਬਾਵਾ ਅਤੇ ਮਾਤਾ ਜਗਦੀਸ਼ ਕੌਰ ਆਪਣੇ ਪੁੱਤਰ ਨੂੰ ਮਿਲਣ ਕੈਨੇਡਾ ਗਏ ਹੋਏ ਸਨ। ਸ਼ਨੀਵਾਰ ਨੂੰ ਸਤਨਾਮ ਨੇ ਆਪਣੀ ਬੇਟੀ ਨਵਦੀਪ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਹੁਣ ਤੇਰਾ ਭਰਾ ਨਵਰੂਪ ਜੌਹਲ ਇਸ ਦੁਨੀਆਂ ‘ਚ ਨਹੀਂ ਰਿਹਾ। ਇਹ ਸੁਣ ਕੇ ਨਵਦੀਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਨਵਰੂਪ ਜੌਹਲ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਦੱਸਿਆ ਕਿ ਨਵਰੂਪ ਜੋ ਕਰੀਬ 6 ਸਾਲਾਂ ਤੋਂ ਕੈਨੇਡਾ ਵਿੱਚ ਪੜ੍ਹ ਰਿਹਾ ਸੀ, ਉਹ ਕਿਸੇ ਬੀਮਾਰੀ ਦੀ ਲਪੇਟ ਵਿੱਚ ਆ ਗਿਆ ਸੀ। ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਨਵਰੂਪ ਦੀ ਮੌਤ ਹੋ ਜਾਵੇਗੀ। ਘਸੀਟਪੁਰਾ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਕੈਨੇਡਾ ਦੇ ਸ਼ਹਿਰ ਬਰੈਮਟਨ ਤੋਂ ਨਵਰੂਪ ਜੌਹਲ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਲੱਗੇ ਹੋਏ ਹਨ। ਇਥੇ ਸਭ ਲਾਸ਼ ਦੇ ਘਰ ਆਉਣ ਦੀ ਉਡੀਕ ਕਰ ਰਹੇ ਹਨ।
ਸਿਆਸਤਦਾਨਾਂ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਨਵਰੂਪ ਜੌਹਲ ਦੇ ਅਕਾਲ ਚਲਾਣੇ ‘ਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੂਬਾ ਕਾਂਗਰਸ ਆਗੂ ਡਾ: ਸੰਦੀਪ ਅਗਨੀਹੋਤਰੀ, ਸਰਪੰਚ ਹਰਜੀਤ ਸਿੰਘ ਘਸੀਟਪੁਰਾ, ਡਾ: ਰਣਬੀਰ ਸਿੰਘ ਕੰਗ, ਰਘਬੀਰ ਸਿੰਘ ਬਾਠ, ਪਿੰਦਰਜੀਤ ਸਿੰਘ ਸਰਲੀ, ਸ਼ੁਬੇਗ ਸਿੰਘ ਧੁੰਨ, ਕਸ਼ਮੀਰ ਸਿੰਘ ਸ਼ਾਹ, ਬਿਕਰਮ ਕੰਗ, ਲਾਡੀ ਬਾਣੀਆ, ਪਲਵਿੰਦਰ ਸਿੰਘ ਘਸੀਟਪੁਰਾ, ਬਲਵਿੰਦਰ ਸਿੰਘ ਨੇ ਮਨਜੀਤ ਸਿੰਘ ਘਸੀਟਪੁਰਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।