ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਘਾਟਮਪੁਰ ਇਲਾਕੇ ਦੇ ਭੀਤਰਗਾਂਵ ‘ਚ ਵੱਡਾ ਹਾਦਸਾ ਹੋਇਆ ਹੈ। ਭੀਤਰਗਾਂਵ ਦੇ ਭਦੇਉਨਾ ਪਿੰਡ ਨੇੜੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਇਸ ‘ਚ 26 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਕਾਰਨ ਸਟੇਸ਼ਨ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਾਹਰੀ ਕਾਨਪੁਰ ਦੇ ਐਸਪੀ ਟੀਐਸ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਕੋਰਥਾ ਦੇ ਵਸਨੀਕ ਇੱਕ ਮੁੰਡਨ ਸਮਾਗਮ ਵਿੱਚ ਫਤਿਹਪੁਰ ਗਏ ਹੋਏ ਸਨ। ਉਥੋਂ ਵਾਪਸ ਆਉਣ ਸਮੇਂ ਟਰਾਲੀ ਸਮੇਤ ਟਰੈਕਟਰ ਸਵਾਰ ਪਾਣੀ ਵਿੱਚ ਜਾ ਡਿੱਗੇ। ਇਸ ਘਟਨਾ ਨਾਲ ਹਾਹਾਕਾਰ ਮੱਚ ਗਈ। ਅੱਧੇ ਘੰਟੇ ਤੱਕ ਟਰਾਲੀ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਇਸ ਕਾਰਨ ਜ਼ਿਆਦਾਤਰ ਲੋਕਾਂ ਦੀ ਪਾਣੀ ‘ਚ ਡੁੱਬ ਕੇ ਮੌਤ ਹੋ ਗਈ ਹੈ।
ਕਾਨਪੁਰ ਦੇ ਡੀਐੱਮ ਵਿਸਾਕ ਅਈਅਰ ਨੇ ਦੱਸਿਆ ਕਿ ਸਾਰੀਆਂ 26 ਲਾਸ਼ਾਂ ਦਾ ਪੋਸਟਮਾਰਟਮ ਕਰ ਲਿਆ ਗਿਆ ਹੈ। ਲਾਸ਼ਾਂ ਉਨ੍ਹਾਂ ਦੇ ਪਿੰਡ ਭੇਜ ਦਿੱਤੀਆਂ ਗਈਆਂ ਹਨ। ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ‘ਚ ਕਰੀਬ 50 ਲੋਕ ਸਵਾਰ ਸਨ। 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ ਅਤੇ ਬਚਾਅ ਕਾਰਜ ਜਾਰੀ ਹੈ।
ਪੀਐਮ ਮੋਦੀ ਅਤੇ ਸੀਐਮ ਯੋਗੀ ਨੇ ਜਤਾਇਆ ਦੁੱਖ, ਮੁਆਵਜ਼ਾ ਦੇਣ ਦਾ ਐਲਾਨ ਕੀਤਾ
ਪੀਐਮ ਮੋਦੀ ਨੇ ਘਾਟਮਪੁਰ ਸੜਕ ਹਾਦਸੇ ਵਿਚ ਹੋਈਆਂ ਲੋਕਾਂ ਦੀਆਂ ਮੌਤਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਐਮ ਰਾਹਤ ਫੰਡ ਵਿੱਚੋਂ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਾਟਮਪੁਰ ਟਰੈਕਟਰ-ਟਰਾਲੀ ਹਾਦਸੇ ‘ਚ ਲੋਕਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਨੂੰ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦਾ ਸਹੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਖਮੀਆਂ ਲਈ 50,000 ਰੁਪਏ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਛਾਉਣੀ ਵਿਚ ਤਬਦੀਲ ਹੋਇਆ ਹੈਲਟ ਹਸਪਤਾਲ
ਕਾਨਪੁਰ ਨਗਰ ‘ਚ ਟਰੈਕਟਰ ਟਰਾਲੀ ਪਲਟਣ ਕਾਰਨ ਕਰੀਬ 26 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਗੰਭੀਰ ਜ਼ਖਮੀ ਹੋ ਗਏ। ਅੱਠ ਐਂਬੂਲੈਂਸਾਂ 108 ਅਤੇ 102 ਨੇ ਤੁਰੰਤ ਮੌਕੇ ‘ਤੇ ਮਰੀਜ਼ਾਂ ਨੂੰ ਸੀ.ਐਸ.ਸੀ. ਵਿਚ ਭਰਤੀ ਕਰਵਾਇਆ। ਉਸ ਤੋਂ ਬਾਅਦ ਮਰੀਜ਼ਾਂ ਨੂੰ ਹੈਲੇਟ ਮੈਡੀਕਲ ਕਾਲਜ ਰੈਫਰ ਕੀਤਾ ਜਾ ਰਿਹਾ ਹੈ। ਹੈਲੇਟ ਹਸਪਤਾਲ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਸਪਤਾਲ ਵਿੱਚ ਪਹਿਲਾਂ ਤੋਂ ਦਾਖ਼ਲ ਮਰੀਜ਼ਾਂ ਨੂੰ ਵਾਰਡਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਘਰ ਤੋਂ ਪੰਜ ਕਿਲੋਮੀਟਰ ਪਹਿਲਾਂ ਵਾਪਰਿਆ ਹਾਦਸਾ, ਡਰਾਈਵਰ ਨਸ਼ੇ ‘ਚ ਸੀ
ਹਾਦਸੇ ਵਿਚ ਜਖਮੀ ਯਾਨਵਤੀ ਨੇ ਦੱਸਿਆ ਕਿ ਉਨ੍ਹਾਂ ਦੇ ਛੋਟੇ ਬੇਟੇ ਅਭੀ ਦਾ ਅੱਜ ਮੁੰਡਨ ਸਮਾਰੋਹ ਸੀ। ਉਹ ਆਪਣੇ ਪਤੀ ਰਾਜੂ, ਦੋ ਧੀਆਂ ਰੀਆ ਅਤੇ ਪ੍ਰਿਆ, ਸੱਸ ਜਾਨਕੀ ਅਤੇ ਪਿੰਡ ਦੇ ਹੋਰਾਂ ਨਾਲ ਮੁੰਡਨ ਦੀ ਰਸਮ ਲਈ ਗਈ ਹੋਈ ਸੀ। ਉਥੋਂ ਵਾਪਸ ਪਰਤਦੇ ਸਮੇਂ ਹਾਦਸਾ ਹੋ ਗਿਆ, ਜਦੋਂ ਕਿ ਉਸ ਦਾ ਸਹੁਰਾ ਸਿੱਧੀ ਲਾਲ ਘਰ ਵਿਚ ਹੀ ਸੀ। ਹਾਦਸਾ ਘਰ ਤੋਂ 5 ਕਿਲੋਮੀਟਰ ਪਹਿਲਾਂ ਵਾਪਰਿਆ। ਦੱਸ ਦਈਏ ਕਿ ਸਾਰੇ ਮਰਨ ਵਾਲੇ ਮੱਲਾਹ ਵਰਗ ਦੇ ਦੱਸੇ ਜਾ ਰਹੇ ਹਨ। ਟਰੈਕਟਰ ਚਾਲਕ ਦੇ ਸ਼ਰਾਬੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।