ਪੰਜਾਬ ਵਿਚ ਪਟਿਆਲਾ ਨੇੜੇ ਭਾਖੜਾ ਨਹਿਰ ‘ਚੋਂ ਲਾਪਤਾ ਹੋਏ ਪਿੰਡ ਰਾਜੇਵਾਲਾ ਦੇ 21 ਸਾਲਾ ਨੌਜਵਾਨ ਯਾਦਵਿੰਦਰ ਸਿੰਘ ਦੀ ਲਾਸ਼ ਪਟਿਆਲਾ ਨੇੜੇ ਭਾਖੜਾ ਨਹਿਰ ‘ਚੋਂ ਮਿਲਣ ਤੋਂ ਬਾਅਦ ਅੱਜ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਪੁਲਸ ‘ਤੇ ਦੋਸ਼ ਲਾਇਆ ਕਿ ਪੁਲਸ ਨੇ ਇਸ ਮਾਮਲੇ ਤੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ‘ਤੇ ਜਾਮ ਲਗਾ ਦਿੱਤਾ। ਸ਼ਹਿਰ ਦੇ ਮੇਨ ਚੌਕ ਵਿੱਚ ਧਰਨੇ ’ਤੇ ਬੈਠੇ ਮ੍ਰਿਤਕ ਦੇ ਵਾਰਸ ਅਤੇ ਪਿੰਡ ਵਾਸੀਆਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਮ੍ਰਿਤਕ ਨੌਜਵਾਨ ਆਪਣੇ ਚਾਚੇ, ਤਾਇਆ ਅਤੇ ਪੰਜ ਭੈਣਾਂ ਦਾ ਭਰਾ ਤੇ ਤਿੰਨ ਪਰਿਵਾਰਾਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦੇ ਇਕਲੌਤੇ ਚਿਰਾਗ ਦੀ ਮੌਤ ਤੋਂ ਨਾਰਾਜ਼ ਪਰਿਵਾਰ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਉਮਰ 21 ਸਾਲ ਪੁੱਤਰ ਬਲਜਿੰਦਰ ਸਿੰਘ ਪਿੰਡ ਰਾਜੇਵਾਲ ਜੋ ਕਿ ਇੱਕ ਨਿੱਜੀ ਕੰਪਨੀ ਦੀ ਬੱਸ ਵਿੱਚ ਕੰਡਕਟਰ ਵਜੋਂ ਕੰਮ ਕਰਦਾ ਸੀ, 26 ਸਤੰਬਰ ਨੂੰ ਸਮਰਾਲਾ ਤੋਂ ਅਚਾਨਕ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰ ਉਸ ਦੀ ਲਗਾਤਾਰ ਭਾਲ ਕਰ ਰਹੇ ਸਨ ਅਤੇ ਪਰਿਵਾਰ ਨੇ ਸ਼ੱਕ ਜ਼ਾਹਰ ਕਰਦੇ ਹੋਏ ਕੁਝ ਲੋਕਾਂ ਤੋਂ ਪੁੱਛਗਿੱਛ ਲਈ ਸ਼ਿਕਾਇਤ ਦਿੱਤੀ ਸੀ।
ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਨੇ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਅਤੇ ਉਹ ਆਪਣੇ ਪੱਧਰ ’ਤੇ ਲਾਪਤਾ ਪੁੱਤਰ ਦੀ ਭਾਲ ਕਰਦੇ ਰਹੇ। ਮ੍ਰਿਤਕ ਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਭਾਖੜਾ ਨਹਿਰ ‘ਚੋਂ ਆਪਣੇ ਲੜਕੇ ਦੀ ਲਾਸ਼ ਮਿਲਣ ਦਾ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਲਿਆਉਣ ‘ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪੁਲਸ ਨੂੰ ਇਕ ਲੜਕੀ ਸਮੇਤ ਕੁਝ ਹੋਰ ਨੌਜਵਾਨਾਂ ਦੇ ਨਾਂ ਸ਼ੱਕੀ ਦੱਸੇ ਸਨ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਧਰਨੇ ਵਾਲੀ ਥਾਂ ’ਤੇ ਪੁੱਜੇ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਵੀ ਪੁਲੀਸ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਕਤਲ ਅਤੇ ਹੋਰ ਜੁਰਮਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਪੁਲੀਸ ਪ੍ਰਸ਼ਾਸਨ ਕਿਸੇ ਦੀ ਗੱਲ ਨਹੀਂ ਸੁਣ ਰਿਹਾ। ਲੋਕ ਇਨਸਾਫ਼ ਲੈਣ ਅਤੇ ਕਾਰਵਾਈ ਕਰਵਾਉਣ ਲਈ ਧਰਨੇ ਲਾਉਣ ਲਈ ਮਜਬੂਰ ਹਨ।