ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਅੰਦਰ ਪੈਂਦੇ ਕਸਬਾ ਸਮਰਾਲਾ ਵਿੱਚ ਇੱਕ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਹਿਲਾਂ ਵੀ ਨਸ਼ੇ ਦੀ ਵਰਤੋਂ ਕਰਦਾ ਸੀ। ਇਸ ਕਾਰਨ ਉਸ ਦੇ ਦਿਮਾਗ ਦੀ ਹਾਲਤ ਠੀਕ ਨਹੀਂ ਸੀ। ਇਹ ਘਟਨਾ ਸਮਰਾਲਾ ਦੇ ਦੁਰਗਾ ਮੰਦਰ ਰੋਡ ‘ਤੇ ਵਾਪਰੀ ਹੈ। ਮ੍ਰਿਤਕ ਦੇ ਪਿਤਾ ਬਲਜੀਤ ਕੁਮਾਰ ਨੇ ਪੁਲੀਸ ਨੂੰ ਦੱਸਿਆ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਕੰਮ ’ਤੇ ਗਏ ਹੋਏ ਸਨ। ਘਰ ਵਿੱਚ ਕੇਵਲ ਉਸ ਦੀ ਪਤਨੀ ਹੀ ਸੀ।
ਛੋਟਾ ਪੁੱਤਰ ਵੀ ਰਾਤ ਦਾ ਖਾਣਾ ਖਾ ਕੇ ਕੰਮ ਤੇ ਚਲਾ ਗਿਆ ਸੀ। ਇਸ ਵਿੱਚ ਉਸ ਦਾ ਵੱਡਾ ਪੁੱਤਰ ਆਪਣੀ ਮਾਂ ਨੂੰ 100 ਰੁਪਏ ਦੇਣ ਦੇ ਲਈ ਕਹਿਣ ਲੱਗਿਆ। ਜਦੋਂ ਮਾਂ ਨੇ ਪੁੱਛਿਆ ਕਿ ਉਸ ਨੇ ਪੈਸਿਆਂ ਦਾ ਕੀ ਕਰਨਾ ਹੈ ਤਾਂ ਉਸ ਨੇ ਕਿਹਾ ਕਿ ਉਸ ਨੇ ਜੀਬ ਦੇ ਹੇਠਾਂ ਰੱਖਣ ਲਈ ਗੋਲੀ ਲਿਆਉਣੀ ਹੈ। ਮ੍ਰਿਤਕ ਦੀ ਮਾਂ ਅਨੁਸਾਰ ਉਸ ਨੇ ਉਸ ਨੂੰ 100 ਰੁਪਏ ਦੇ ਦਿੱਤੇ ਅਤੇ ਉਹ ਨਹਾਉਣ ਲਈ ਚਲੀ ਗਈ। ਕੁਝ ਦੇਰ ਬਾਅਦ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਹ ਹੱਕੀ ਬੱਕੀ ਰਹਿ ਗਈ। ਜਦੋਂ ਉਸ ਨੇ ਕਮਰੇ ਦੇ ਵਿਚ ਦੇਖਿਆ ਤਾਂ ਉਸ ਦੇ ਲੜਕੇ ਨੇ ਫਾਹਾ ਲਿਆ ਹੋਇਆ ਸੀ।
ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਿੰਸ ਕੁਮਾਰ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ। ਲਾਸ਼ ਨੂੰ ਲਟਕਦੀ ਦੇਖ ਔਰਤ ਨੇ ਤੁਰੰਤ ਰੌਲਾ ਪਾਇਆ। ਲੋਕਾਂ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ। ਸਮਰਾਲਾ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਲਾਸ਼ ਨੂੰ ਫਾਹੇ ਤੋਂ ਉਤਾਰ ਕੇ ਕਬਜ਼ੇ ਆਪਣੇ ‘ਚ ਲੈ ਕੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।