ਮੰਗਲਵਾਰ ਦੁਪਹਿਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ੀ ਲਈ ਆਈ ਇਕ ਔਰਤ ‘ਤੇ ਉਸ ਦੇ ਸਹੁਰੇ ਵੱਲੋਂ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜ਼ਖ਼ਮੀ ਔਰਤ ਮਨਰੀਤ ਕੌਰ ਆਪਣੇ ਪਤੀ ਦੇ ਕਤਲ ਦੇ ਮਾਮਲੇ ਵਿੱਚ ਆਪਣੇ ਦੋ ਸਾਥੀਆਂ ਸਮੇਤ ਫਤਿਹਪੁਰ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਹੈ। ਮਨਰੀਤ ਕੌਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਕੋਰਟ ਕੰਪਲੈਕਸ ਪੁਲਸ ਚੌਕੀ ਦੇ ਇੰਚਾਰਜ ਸੁਖ ਦਿਆਲ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਪਿੰਡ ਵਡਾਲਾ ਭਿੱਟੇ ਵੜ ਦੇ ਰਹਿਣ ਵਾਲੇ ਕਰਨੈਲ ਸਿੰਘ ਨੇ ਦੱਸਿਆ ਹੈ ਕਿ ਕੁਝ ਸਾਲ ਪਹਿਲਾਂ ਉਸ ਨੇ ਆਪਣੇ ਲੜਕੇ ਜੋਧਬੀਰ ਸਿੰਘ ਦਾ ਵਿਆਹ ਮਨਰੀਤ ਕੌਰ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਮਨਰੀਤ ਕੌਰ ਦੇ ਪ੍ਰੇਮ ਸਬੰਧ ਜਗਪ੍ਰੀਤ ਸਿੰਘ ਨਾਲ ਬਣ ਗਏ ਸਨ। ਜਦੋਂ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਨੂੰਹ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਇਨ੍ਹਾਂ ਸਬੰਧਾਂ ਦਾ ਵਿਰੋਧ ਕਰਨ ‘ਤੇ ਨੂੰਹ ਨੇ ਆਪਣੇ ਪ੍ਰੇਮੀ ਜਗਪ੍ਰੀਤ ਸਿੰਘ, ਉਸ ਦੇ ਸਾਥੀਆਂ ਗੁਰਜੰਟ ਸਿੰਘ ਅਤੇ ਅਮਨ ਸਿੰਘ ਨਾਲ ਮਿਲ ਕੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਕੰਬੋ ਦੀ ਪੁਲੀਸ ਨੇ ਔਰਤ ਸਮੇਤ ਚਾਰਾਂ ਖ਼ਿਲਾਫ਼ ਕਤਲ ਦਾ ਕੇਸ ਵੀ ਦਰਜ ਕੀਤਾ ਸੀ। ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ ਜਦਕਿ ਅਮਨ ਸਿੰਘ ਅਜੇ ਵੀ ਫਰਾਰ ਹੈ।
ਕਰਨੈਲ ਸਿੰਘ ਨੇ ਦੱਸਿਆ ਕਿ ਅੱਜ ਉਸ ਨੂੰ ਪਤਾ ਲੱਗਾ ਸੀ ਕਿ ਨੂੰਹ ਨੇ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ ਹੈ। ਉਸ ਨੇ ਜ਼ਮਾਨਤ ਰੋਕਣ ਲਈ ਆਪਣੇ ਵਕੀਲ ਤੱਕ ਪਹੁੰਚ ਕੀਤੀ ਸੀ। ਜਿਵੇਂ ਹੀ ਮਨਰੀਤ ਅਦਾਲਤ ਵਿਚ ਪਹੁੰਚੀ ਤਾਂ ਉਸ ਨੂੰ ਦੇਖ ਕੇ ਉਸ ਦਾ ਖੂਨ ਖੌਲ ਗਿਆ ਅਤੇ ਉਸ ਨੇ ਮਨਰੀਤ ਕੌਰ ‘ਤੇ ਤਲਵਾਰ ਨਾਲ ਕਈ ਵਾਰ ਕੀਤੇ। ਹਮਲੇ ਕਾਰਨ ਉਹ ਖੂਨ ਨਾਲ ਲਥਪਥ ਜ਼ਮੀਨ ‘ਤੇ ਡਿੱਗ ਗਈ। ਘਟਨਾ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਦਾ ਪਿੱਛਾ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ।