ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿੱਚ ਇੱਥੋਂ ਦੇ ਕਸਬੇ ਸਨੌਰ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਇਥੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 25 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਨਾਮ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਨੂੰ ਕੁਝ ਲੋਕਾਂ ਨੇ ਲੜਾਈ ਝਗੜੇ ਦੇ ਇਕ ਮਾਮਲੇ ‘ਚ ਸਮਝੌਤਾ ਕਰਨ ਦੇ ਲਈ ਬੁਲਾਇਆ ਸੀ। ਉੱਥੇ ਉਸ ਉਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਸੰਦੀਪ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ। ਉਹ ਸ਼ਰਾਬ ਦਾ ਕਾਰੋਬਾਰ ਕਰਦਾ ਸੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਇਸ ਘਟਨਾ ਸਬੰਧੀ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਮ੍ਰਿਤਕ ਸੰਦੀਪ ਉਰਫ ਸੰਨੀ ਦੀ ਉਮਰ ਕਰੀਬ 25 ਸਾਲ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਦੇ 15 ਸਾਲਾ ਭਤੀਜੇ ਦੀ ਲੜਾਈ ਹੋਈ ਸੀ। ਇਹ ਲੜਾਈ ਸਨੌਰ ਅਨਾਜ ਮੰਡੀ ਇਲਾਕੇ ਵਿੱਚ ਹੋਈ ਸੀ। ਇਸ ਤੋਂ ਬਾਅਦ ਇਹ ਲੋਕ ਖਾਲਸਾ ਮੁਹੱਲੇ ਵਿਚ ਪਹੁੰਚੇ ਸੀ। ਉਥੇ ਸੰਦੀਪ ਨੂੰ ਉਸ ਦੇ ਭਤੀਜੇ ਨੇ ਫੋਨ ਕਰਕੇ ਬੁਲਾਇਆ ਸੀ।
ਝਗੜਾ ਸੁਲਝਣ ਤੋਂ ਬਾਅਦ ਨੌਜਵਾਨ ਨੇ ਚਾਕੂ ਨਾਲ ਕੀਤਾ ਹਮਲਾ
ਸੰਦੀਪ ਨੇ ਦੋਵਾਂ ਧਿਰਾਂ ਦਾ ਝਗੜਾ ਸੁਲਝਾ ਲਿਆ ਸੀ ਪਰ ਦੂਜੇ ਧੜੇ ਦੇ ਇਕ ਨੌਜਵਾਨ ਨੇ ਅਚਾਨਕ ਉਸ ‘ਤੇ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਇਕ ਹੋਰ ਨੌਜਵਾਨ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੇ ਦੌਰਾਨ ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲੀਸ ਨੇ 11 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ
ਸਥਾਨਕ ਪੁਲਸ ਵਲੋਂ ਇਸ ਮਾਮਲੇ ‘ਚ 11 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ‘ਚੋਂ 5 ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਸੰਦੀਪ ਦੇ ਪਿਤਾ ਹਰਬੰਸ ਸਿੰਘ ਨੇ ਕਿਹਾ ਹੈ ਕਿ ਜੇਕਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ।