ਪੰਜਾਬ ਦੇ ਕਪੂਰਥਲਾ ਸ਼ਹਿਰ ‘ਚ ਕਰਵਾ ਚੌਥ ਦੇ ਤਿਉਹਾਰ ਦੀ ਧੂਮ-ਧਾਮ ਦਰਮਿਆਨ ਮੇਨ ਚੌਕ ਸਥਿਤ ਨਿਊ ਖਾਲਸਾ ਬੇਕਰੀ ‘ਚ ਦੇਰ ਰਾਤ ਚੋਰਾਂ ਨੇ 1.25 ਲੱਖ ਰੁਪਏ ਚੋਰੀ ਕਰ ਲਏ। ਚੋਰੀ ਦੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਚੋਰ ਗੱਲੇ ‘ਚੋਂ ਪੈਸੇ ਕੱਢ ਕੇ ਕੱਪੜੇ ‘ਚ ਬੰਨ੍ਹ ਕੇ ਲੈ ਗਏ। ਸਵੇਰੇ ਥਾਣਾ ਸਿਟੀ ਦੀ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਕੀਤੀ ਅਤੇ ਉਥੋਂ ਇਕ ਸਕੂਟਰੀ ਅਤੇ ਟਾਰਚ ਬਰਾਮਦ ਕੀਤੀ। 3 ਚੋਰ ਬਾਈਕ ‘ਤੇ ਆਏ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਗਏ।
ਸਵੇਰੇ 3.20 ਵਜੇ ਦਾਖਲ ਹੋਏ ਚੋਰ
ਕਪੁਰਥਲਾ ਦੇ ਸ਼ਿਵ ਮੰਦਰ ਚੌਕ ਸਥਿਤ ਨਿਊ ਖਾਲਸਾ ਬੇਕਰੀ ਦੇ ਮਾਲਕ ਅਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਬੇਕਰੀ ਬੰਦ ਕਰਕੇ ਗਿਆ ਸੀ। ਪਰ ਜਦੋਂ ਉਹ ਸਵੇਰੇ ਬੇਕਰੀ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਮੇਨ ਸ਼ਟਰ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਿਆ ਕਿ ਗੱਲਾ ਵੀ ਖੁੱਲ੍ਹਾ ਪਿਆ ਸੀ ਅਤੇ ਉਸ ਵਿੱਚ ਪਈ ਨਕਦ ਰਾਸ਼ੀ ਗਾਇਬ ਸੀ। ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ.ਕੈਮਰੇ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਚੋਰ 3:20 ਵਜੇ ਦੁਕਾਨ ਅੰਦਰ ਦਾਖਲ ਹੋਏ।
ਰਾਤ ਡੇਢ ਵਜੇ ਤੱਕ ਸੀ ਔਰਤਾਂ ਦੀ ਭੀੜ
ਦੱਸ ਦੇਈਏ ਕਿ ਕਰਵਾ ਚੌਥ ਦੇ ਤਿਉਹਾਰ ਦੀ ਗਹਿਮਾ ਗਹਿਮੀ ਦੇ ਵਿਚ ਘਟਨਾ ਵਾਲੀ ਥਾਂ ਦੇ ਨੇੜੇ ਹੀ ਦੇਰ ਰਾਤ 1.30 ਵਜੇ ਤੱਕ ਮਹਿੰਦੀ ਲਗਵਾਉਣ ਵਾਲੀਆਂ ਔਰਤਾਂ ਦੀ ਭੀੜ ਲੱਗੀ ਹੋਈ ਸੀ। ਪੀਸੀਆਰ ਦੀ ਟੀਮ ਵੀ ਗਸ਼ਤ ਕਰ ਰਹੀ ਸੀ। ਇਸ ਦੇ ਬਾਵਜੂਦ ਤਕਰੀਬਨ 3.30 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦੇਣਾ ਪੁਲਿਸ ਲਈ ਚੁਣੌਤੀ ਮੰਨੀ ਜਾ ਰਹੀ ਹੈ।
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੀ ਸੀ ਆਰ ਟੀਮ ਅਤੇ ਸਿਟੀ ਥਾਣਾ ਦੇ ਜਾਂਂਚ ਅਧਿਕਾਰੀ ਹਰਿਪ੍ਰਸਾਦ ਨੇ ਮੌਕੇ ਤੇ ਮਿਲੇ ਪੇਚਕਸ ਅਤੇ ਟਾਰਚ ਨੂੰ ਫਿੰਗਰ ਪ੍ਰਿੰਟ ਵਿਭਾਗ ਤੋਂ ਜਾਂਚ ਲਈ ਕਬਜੇ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਸੀਸੀਟੀਵੀ ‘ਚ ਨਜ਼ਰ ਆਏ 3 ਚੋਰ
ਸੀਸੀਟੀਵੀ ‘ਚ ਨਜ਼ਰ ਆ ਰਿਹਾ ਹੈ ਕਿ ਚੋਰਾਂ ਦੀ ਗਿਣਤੀ 3 ਸੀ ਅਤੇ ਉਹ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਸ਼ਟਰ ਨੂੰ ਤੋੜ ਕੇ ਅੰਦਰ ਚਲੇ ਗਏ। ਇਸ ਤੋਂ ਬਾਅਦ ਇਕ ਕਾਊਂਟਰ ਦੇ ਕੋਲ ਕੱਪੜਾ ਵਿਛਾ ਕੇ ਗੱਲੇ ‘ਚੋਂ ਪੈਸੇ ਕੱਢ ਕੇ ਉਸ ‘ਤੇ ਰੱਖ ਦਿੰਦਾ ਹੈ ਅਤੇ ਕਾਊਂਟਰ ਦੇ ਤਿੰਨ ਦਰਾਜ਼ਾਂ ‘ਚੋਂ ਪੈਸੇ ਕੱਢ ਕੇ ਕੱਪੜੇ ‘ਚ ਬੰਨ੍ਹ ਕੇ ਫਰਾਰ ਜਾਂਦਾ ਹੈ।