ਸ਼ਾਇਦ ਇਹ ਕੌੜਾ ਸੱਚ ਹੈ ਕਿ ਅਸੀਂ ਆਪਣੇ ਸੱਭਿਆਚਾਰ ਅਤੇ ਆਪਣੀਆਂ ਪਰੰਪਰਾਵਾਂ ਨੂੰ ਭੁੱਲਦੇ ਜਾ ਰਹੇ ਹਾਂ ਪਰ ਵਿਦੇਸ਼ੀ ਸਾਡੇ ਸੱਭਿਆਚਾਰ ਨੂੰ ਅਪਣਾ ਰਹੇ ਹਨ। ਇਸ ਦੀ ਜਿਉਂਦੀ ਜਾਗਦੀ ਮਿਸਾਲ ਜਲੰਧਰ ਸ਼ਹਿਰ ਵਿੱਚ ਦੇਖਣ ਨੂੰ ਮਿਲੀ ਹੈ। ਵਿਦੇਸ਼ ਤੋਂ ਇੱਕ ਜੋੜਾ ਸ਼ਹਿਰ ਵਿਚ ਘੁੰਮਣ ਆਇਆ ਹੋਇਆ ਸੀ। ਉਸਨੇ ਇੱਕ ਰਿਕਸ਼ਾ ਚਾਲਕ ਨੂੰ ਬੁਲਾਇਆ। ਇੱਕ ਬਜ਼ੁਰਗ ਰਿਕਸ਼ਾ ਚਾਲਕ ਉਸ ਕੋਲ ਆਇਆ। ਇਸ ਤੋਂ ਬਾਅਦ ਵਿਦੇਸ਼ ਤੋਂ ਆਏ ਵਿਅਕਤੀ ਨੇ ਰਿਕਸ਼ਾ ਚਾਲਕ ਨੂੰ ਆਪਣੀ ਪਤਨੀ ਨਾਲ ਸੀਟ ‘ਤੇ ਬਿਠਾ ਲਿਆ ਅਤੇ ਰਿਕਸ਼ਾ ਖੁਦ ਚਲਾ ਕੇ ਸ਼ਹਿਰ ‘ਚ ਘੁਮਾਇਆ।
ਹਾਲਾਂਕਿ, ਰਿਕਸ਼ਾ ਚਾਲਕ ਰਤਨ ਲਾਲ ਨੇ ਮੁਸ਼ਕਿਲ ਨਾਲ ਇਸ ਗੱਲ ‘ਤੇ ਹਾਮੀ ਭਰੀ। ਵਿਦੇਸ਼ੀ ਗੋਰੇ ਨੌਜਵਾਨ ਨੇ ਜਿੱਦ ਕਰ ਕੇ ਉਸ ਨੂੰ ਆਪਣੀ ਪਤਨੀ ਨਾਲ ਰਿਕਸ਼ੇ ਦੀ ਪਿਛਲੀ ਸੀਟ ‘ਤੇ ਬਿਠਾ ਦਿੱਤਾ। ਗੋਰੇ ਨੇ ਨਾਲ ਹੀ ਭਰੋਸਾ ਦਿੱਤਾ ਕਿ ਉਹ ਚਿੰਤਾ ਨਾ ਕਰੇ ਉਸ ਨੂੰ ਪੂਰੇ ਪੈਸੇ ਦੇਣਗੇ। ਪਰ ਰਿਕਸ਼ਾ ਮੈਂ ਆਪ ਚਲਾਵਾਂਗਾ, ਤੁਸੀਂ ਨਹੀਂ।
ਗੋਰ ਗੱਬਰੂ ਦੀ ਜ਼ਿੱਦ ਦੇ ਸਾਹਮਣੇ ਰਿਕਸ਼ਾ ਚਾਲਕ ਕੁਝ ਨਾ ਕਹਿ ਸਕਿਆ ਅਤੇ ਉਸ ਦੀ ਪਤਨੀ ਨਾਲ ਸੀਟ ‘ਤੇ ਬੈਠ ਗਿਆ। ਇਸ ਤੋਂ ਬਾਅਦ ਗੋਰੇ ਗਾਬਰੂ ਨੇ ਰਿਕਸ਼ਾ ਚਾਲਕ ਨੂੰ ਪਿਛਲੀ ਸੀਟ ਤੇ ਬਿਠਾ ਲਿਆ ਅਤੇ ਰਿਕਸ਼ਾ ਖੁਦ ਚਲਾ ਕੇ ਸ਼ਹਿਰ ਦੀ ਸੈਰ ਕਰਾਈ।
ਵਿਦੇਸ਼ਾਂ ਤੋਂ ਆਏ ਜੋੜੇ ਦੀਆਂ ਤਸਵੀਰਾਂ ਨੂੰ ਲੋਕਾਂ ਨੇ ਆਪਣੇ ਮੋਬਾਈਲ ਫੋਨ ਕੈਮਰਿਆਂ ਵਿੱਚ ਕੈਦ ਕਰ ਲਿਆ। ਇਸ ਤੋਂ ਬਾਅਦ ਸ਼ਹਿਰ ‘ਚ ਇਨਸਾਨੀਅਤ ਨੂੰ ਦਰਸਾਉਂਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਰਿਕਸ਼ਾ ਚਾਲਕ ਰਤਨ ਲਾਲ ਨੇ ਦੱਸਿਆ ਕਿ ਜਦੋਂ ਉਹ ਆਪਣੇ ਰਿਕਸ਼ੇ ‘ਤੇ ਬਾਜ਼ਾਰ ‘ਚ ਸਵਾਰੀ ਲਈ ਘੁੰਮ ਰਿਹਾ ਸੀ ਤਾਂ ਇਕ ਵਿਦੇਸ਼ੀ ਜੋੜੇ ਨੇ ਰੋਕ ਲਿਆ ਅਤੇ ਰਿਕਸ਼ੇ ‘ਤੇ ਬੈਠ ਗਏ।
ਅੰਗਰੇਜ਼ੀ ‘ਚ ਬੋਲਿਆ ਪਰ ਮੈਨੂੰ ਗੱਲ ਸਮਝ ਨਹੀਂ ਆਈ
ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਲੈ ਕੇ ਉੱਥੋਂ ਜਦੋਂ ਚੱਲਿਆ ਤਾਂ ਰਸਤੇ ਵਿਚ ਉਹ ਅੰਗਰੇਜ਼ੀ ਵਿੱਚ ਕੁੱਝ ਕਹਿ ਰਹੇ ਸੀ ਪਰ ਮੈਨੂੰ ਸਮਝ ਨਹੀਂ ਆਈ। ਇਸ ਤੋਂ ਬਾਅਦ ਇੱਕ ਦੁਕਾਨਦਾਰ ਕੋਲ ਰਿਕਸ਼ਾ ਰੋਕਿਆ ਅਤੇ ਕਿਹਾ, ਮੈਨੂੰ ਉਨ੍ਹਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੇ ਕਿੱਥੇ ਜਾਣਾ ਹੈ।
ਜਦੋਂ ਪੈਦਲ ਚੱਲਿਆ ਤਾਂ ਹੱਥ ਫੜ ਕੇ ਬੈਠਾਇਆ
ਰਤਨਲਾਲ ਨੇ ਦੱਸਿਆ ਕਿ ਉਹ ਵਿਦੇਸ਼ੀ ਹੇਠਾਂ ਉਤਰਿਆ ਅਤੇ ਖੁਦ ਰਿਕਸ਼ਾ ਚਾਲਕ ਦੀ ਸੀਟ ‘ਤੇ ਬੈਠ ਗਿਆ ਅਤੇ ਮੈਨੂੰ ਬੈਠਣ ਲਈ ਕਿਹਾ, ਪਰ ਮੈਂ ਪਿਛੇ ਨਾ ਬੈਠਿਆ ਅਤੇ ਪੈਦਲ ਤੁਰਨ ਲੱਗਾ। ਅਜੇ ਕੁਝ ਕਦਮ ਹੀ ਚੱਲੇ ਸਨ ਕਿ ਉਸ ਵਿਦੇਸ਼ੀ ਨੇ ਮੇਰਾ ਹੱਥ ਫੜ ਕੇ ਮੈਨੂੰ ਰਿਕਸ਼ੇ ‘ਤੇ ਬਿਠਾਇਆ ਅਤੇ ਨਾਜ਼ ਸਿਨੇਮਾ ਤੱਕ ਖੁਦ ਰਿਕਸ਼ਾ ਚਲਾ ਕੇ ਪਹੁੰਚ ਗਿਆ।
ਉੱਥੇ ਪਹੁੰਚ ਕੇ ਮੈਨੂੰ ਕੁਝ ਪੈਸੇ ਵੀ ਦਿੱਤੇ। ਰਤਨ ਲਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੇਕਰ ਕਿਸੇ ਗੱਡੀ ਨਾਲ ਰਿਕਸ਼ੇ ਦਾ ਟਾਇਰ ਵੀ ਲੱਗ ਜਾਵੇ ਤਾਂ ਲੋਕ ਗਾਲ੍ਹਾਂ ਕੱਢਦੇ ਹਨ ਪਰ ਇਸ ਪਰਦੇਸੀ ਨੇ ਤਾਂ ਮੈਨੂੰ ਬਿਠਾ ਕੇ ਬਜ਼ਾਰਾਂ ਵਿੱਚ ਘੁਮਾਇਆ ਅਤੇ ਪੈਸੇ ਵੀ ਦਿੱਤੇ।