ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਸੁਲਤਾਨਪੁਰ ਲੋਧੀ ਬਲਾਕ ਦੇ ਪਿੰਡ ਮੇਵਾ ਸਿੰਘ ਵਾਲਾ ਦਾ ਵਸਨੀਕ ਹੈ। ਜਿਸ ਦਾ ਨਾਮ ਅੰਮ੍ਰਿਤਪਾਲ ਸਿੰਘ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਜਦੋਂ ਪਿੰਡ ਪੁੱਜੀ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਦੱਸਿਆ ਜਾ ਰਿਹਾ ਹੈ ਕਿ ਪੰਜ ਸਾਲ ਪਹਿਲਾਂ ਉਹ ਰੋਜ਼ੀ-ਰੋਟੀ ਕਮਾਉਣ ਦੇ ਲਈ ਅਮਰੀਕਾ ਪਹੁੰਚਿਆ ਸੀ। ਹੁਣ ਕੁਝ ਮਹੀਨਿਆਂ ਬਾਅਦ ਉਸ ਨੂੰ ਪੀ.ਆਰ. ਮਿਲਣ ਵਾਲੀ ਸੀ। ਜਿਸ ਦਾ ਸ਼ੁਕਰਾਨਾ ਕਰਨ ਲਈ ਪਰਿਵਾਰਕ ਮੈਂਬਰਾਂ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਸਾਹਿਬ ਦੇ ਪਾਠ ਰੱਖੇ ਸਨ। ਜਿਨ੍ਹਾਂ ਦਾ ਭੋਗ ਸ਼ੁੱਕਰਵਾਰ ਨੂੰ ਪਾਇਆ ਜਾਣਾ ਸੀ। ਰਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਮੇਵਾ ਸਿੰਘ ਵਾਲਾ ਦਾ 28 ਸਾਲ ਦਾ ਨੌਜਵਾਨ ਅੰਮ੍ਰਿਤਪਾਲ ਸਿੰਘ 5 ਸਾਲ ਪਹਿਲਾਂ ਕੈਲੇਫੋਰਨੀਆ ਗਿਆ ਸੀ। ਜਿੱਥੇ ਉਸ ਨੇ ਟਰਾਲਾ ਡਰਾਈਵਰ ਦੀ ਨੌਕਰੀ ਸ਼ੁਰੂ ਕੀਤੀ ਸੀ। ਵੀਰਵਾਰ ਦੀ ਰਾਤ ਉਨ੍ਹਾਂ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਅੰਮ੍ਰਿਤਪਾਲ ਸਿੰਘ ਕੰਮ ‘ਤੇ ਜਾ ਰਿਹਾ ਸੀ ਕਿ ਉਸ ਦੇ ਟਰਾਲੇ ਦਾ ਟਾਇਰ ਫਟ ਗਿਆ ਅਤੇ ਸਾਹਮਣੇ ਤੋਂ ਆ ਰਹੇ ਕਿਸੇ ਹੋਰ ਵਾਹਨ ਨਾਲ ਟਕਰਾ ਕੇ ਪਲਟ ਗਿਆ। ਇਸ ਹਾਦਸੇ ਵਿਚ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ। ਪਰਿਵਾਰ ਦੀ ਅਪੀਲ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਦੇਸ਼ ਲਿਆਉਣ ਲਈ ਮਦਦ ਕਰੇ।
ਪੀ.ਆਰ. ਤੋਂ ਪਹਿਲਾਂ ਆਈ ਮੌਤ
ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਅੰਮ੍ਰਿਤਪਾਲ ਸਿੰਘ ਨੂੰ ਅਮਰੀਕਾ ਦੀ ਪੀ.ਆਰ. ਮਿਲਣ ਜਾ ਰਹੀ ਸੀ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ‘ਚ ਸ਼੍ਰੀ ਅਖੰਡ ਪਾਠ ਰਖਵਾਇਆ ਗਿਆ ਅਤੇ ਭੋਗ ਪਾਇਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੇ ਅਕਾਲ ਚਲਾਣੇ ਦੀ ਮੰਦਭਾਗੀ ਖਬਰ ਆ ਗਈ।
ਉਨ੍ਹਾਂ ਦੱਸਿਆ ਕਿ ਪੀ.ਆਰ.ਹੋਣ ਤੋਂ ਬਾਅਦ ਨੌਜਵਾਨ ਨੇ 5 ਸਾਲ ਬਾਅਦ ਵਿਦੇਸ਼ ਤੋਂ ਆਪਣੇ ਮਾਤਾ-ਪਿਤਾ ਕੋਲ ਪਰਤਣਾ ਸੀ ਪਰ ਸਾਰੀਆਂ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਇੱਕ ਦੁਰਘਟਨਾ ਨੇ ਖੋਹ ਲਈਆਂ। ਨੌਜਵਾਨ ਦਾ ਅਜੇ ਵਿਆਹ ਨਹੀਂ ਹੋਇਆ ਸੀ।