ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਤਰਫਹਾਜੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇਰ ਰਾਤ ਇੱਕ 60 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਹਰਬੰਸ ਕੌਰ ਰਾਤ ਸਮੇਂ ਘਰ ਦੇ ਵਰਾਂਡੇ ਵਿੱਚ ਸੌਂ ਰਹੀ ਸੀ ਅਤੇ ਉਸ ਦਾ ਪੋਤਾ ਅਤੇ ਉਸ ਦੀ ਨੂੰਹ ਘਰ ਦੇ ਅੰਦਰ ਹੀ ਸੁੱਤੇ ਪਏ ਸਨ। ਪਰ ਰਾਤ ਕਰੀਬ 12 ਵਜੇ ਅਚਾਨਕ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਗਏ ਅਤੇ ਪਹਿਲਾਂ ਘਰ ਦਾ ਬਿਜਲੀ ਕੁਨੈਕਸਨ ਕੱਟ ਦਿੱਤਾ ਇਸ ਤੋਂ ਬਾਅਦ ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਦਿੱਤੇ ਗਏ ਅਤੇ ਮੂੰਹ ‘ਤੇ ਕੱਪੜਾ ਰੱਖ ਕੇ ਉਸ ਦਾ ਸਾਹ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਔਰਤ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਘਰ ਅੰਦਰ ਦਾਖਲ ਹੋਣ ਲਈ ਵਰਾਂਡੇ ‘ਚ ਦਰਵਾਜ਼ੇ ‘ਤੇ ਲੱਗੀ ਚਿੱਟਕਨੀ ਨੂੰ ਉਖਾੜ ਦਿੱਤਾ ਗਿਆ ਪਰ ਇਸੇ ਦੌਰਾਨ ਮ੍ਰਿਤਕ ਦਾ ਪੋਤਰਾ ਰੌਲਾ ਪਾਉਂਦੇ ਹੋਏ ਘਰ ਦੇ ਅੰਦਰ ਉੱਠਿਆ ਅਤੇ ਘਰ ਅੰਦਰ ਦਾਖਲ ਹੋਣ ਵਾਲੇ ਲੋਕ ਮੌਕਾ ਦੇਖ ਕੇ ਫਰਾਰ ਹੋ ਗਏ। ਇਸ ਘਟਨਾ ਕਾਰਨ ਜਿੱਥੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ, ਉੱਥੇ ਹੀ ਘਰ ਵਿੱਚ ਸੋਗ ਦੀ ਲਹਿਰ ਹੈ।
ਇਸ ਘਰ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਦਾ ਲੜਕਾ 6 ਸਾਲ ਬਾਅਦ ਜਰਮਨੀ ਜਾ ਕੇ ਸੈਟਲ ਹੋਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਪਸ ਆ ਰਿਹਾ ਸੀ, ਜਿਸ ਦੀ ਅਜੇ ਤੱਕ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਪੁਲਸ ਦੀਆਂ ਵੱਖ-ਵੱਖ ਟੀਮਾਂ ਦੇਰ ਰਾਤ ਤੋਂ ਹੀ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀਆਂ ਹਨ। ਡੀ.ਐਸ.ਪੀ ਸੁਖਵਿੰਦਰ ਸਿੰਘ ਨੇ ਮੀਡੀਆ ਨਾਲ ਫੋਨ ’ਤੇ ਗੱਲਬਾਤ ਦੌਰਾਨ ਇਸ ਕਤਲ ਦੀ ਪੁਸ਼ਟੀ ਕੀਤੀ ਹੈ।