ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਜਗਰਾਓਂ ‘ਚ 4 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜੀ.ਟੀ ਰੋਡ ‘ਤੇ ਸਥਿਤ ਪਹਿਲਵਾਨ ਢਾਬੇ ਨੇੜੇ ਝੁੱਗੀਆਂ ਦੀ ਹੈ। ਝੁੱਗੀ ‘ਚ ਰਹਿਣ ਵਾਲੀ 4 ਸਾਲਾ ਬੱਚੀ ਨੂੰ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ ਹੈ। ਵਿਅਕਤੀ ਦੀਆਂ ਹਰਕਤਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਪੁਲਿਸ ਨੇ ਦੋਸ਼ੀ ਦੀ ਪਹਿਚਾਣ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਥਾਣਾ ਸਿਟੀ ਪੁਲਿਸ ਦੇ ਏ.ਐਸ.ਆਈ ਬਲਰਾਜ ਸਿੰਘ ਨੇ ਦੱਸਿਆ ਕਿ 4 ਸਾਲਾ ਬੱਚੀ ਦੇ ਪਿਤਾ ਕਾਲੂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਲੁਧਿਆਣਾ ਸਥਿਤ ਪਹਿਲਵਾਨ ਢਾਬੇ ਨੇੜੇ ਫ਼ਿਰੋਜ਼ਪੁਰ ਮੁੱਖ ਸੜਕ ਤੇ ਸਥਿਤ ਝੁੱਗੀਆਂ ਵਿੱਚ ਰਹਿੰਦਾ ਹੈ। ਉਸ ਦੇ 2 ਬੱਚੇ ਹਨ। ਉਸ ਦੀ ਬੇਟੀ 4 ਸਾਲ ਦੀ ਹੈ ਅਤੇ ਪੁੱਤਰ ਦੀ ਉਮਰ 1 ਸਾਲ ਹੈ।
ਕਾਲੂ ਨੇ ਦੱਸਿਆ ਕਿ ਉਸ ਦੀ ਲੜਕੀ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬਣੇ ਆਂਗਣਵਾੜੀ ਕੇਂਦਰ ਵਿਚ ਪੜ੍ਹ ਕੇ ਵਾਪਸ ਆ ਰਹੀ ਸੀ ਤਾਂ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਕੋਈ ਅਣਪਛਾਤਾ ਵਿਅਕਤੀ ਉਸ ਦੀ ਲੜਕੀ ਨੂੰ ਦੁਕਾਨ ਤੋਂ ਕੋਈ ਚੀਜ ਦਵਾਉਣ ਦਾ ਲਾਲਚ ਦੇ ਕੇ ਉਸ ਨੂੰ ਅਗਵਾ ਕਰਕੇ ਲੈ ਗਿਆ ਹੈ।
ਕਾਲੂ ਦੇ ਦੱਸਣ ਅਨੁਸਾਰ ਜਦੋਂ ਉਸ ਨੇ ਲੜਕੀ ਦੀ ਭਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੀ ਝੁੱਗੀ ਦੇ ਆਸ ਪਾਸ ਪਿਛਲੇ 3-4 ਦਿਨਾਂ ਤੋਂ ਘੁੰਮ ਰਿਹਾ ਸੀ, ਜਿਸ ਨੂੰ ਅੱਜ ਵੀ ਕੁਝ ਲੋਕਾਂ ਨੇ ਘੁੰਮਦੇ ਹੋਏ ਦੇਖਿਆ ਸੀ। ਉਸ ਨੂੰ ਪੂਰਾ ਸ਼ੱਕ ਹੈ ਕਿ ਉਸ ਦੋਸ਼ੀ ਨੇ ਉਸ ਦੀ ਧੀ ਨੂੰ ਅਗਵਾ ਕੀਤਾ ਹੈ।
ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲੀਸ ਆਸਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ। ਕੈਮਰਿਆਂ ‘ਚ ਪੁਲਸ ਨੇ ਦੇਖਿਆ ਕਿ 4 ਸਾਲਾ ਬੱਚੀ ਨੂੰ ਕੋਈ ਅਣਪਛਾਤਾ ਵਿਅਕਤੀ ਅਗਵਾ ਕਰ ਰਿਹਾ ਦਿਖ ਰਿਹਾ ਹੈ। ਜਿਸ ਦੀ ਫੋਟੋ ਵੀ ਪੁਲਿਸ ਨੇ ਜਾਰੀ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਜੇਕਰ ਕਿਸੇ ਵੀ ਵਿਅਕਤੀ ਨੂੰ 4 ਸਾਲਾ ਲੜਕੀ ਦੇ ਬਾਰੇ ਜਾਂ ਉਸ ਨੂੰ ਅਗਵਾ ਕਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਜਾਂ ਸੁਰਾਗ ਮਿਲੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਨਾ ਦੇਵੇ। ਪੁਲਿਸ ਵੱਲੋਂ ਜਾਰੀ ਕੀਤੇ ਗਏ ਨੰਬਰ, ਡੀਐਸਪੀ ਜਗਰਾਉਂ 98158-00464, ਥਾਣਾ ਸਿਟੀ ਇੰਚਾਰਜ ਨੰ: 82848-00909, ਇੰਚਾਰਜ ਬੱਸ ਸਟੈਂਡ ਚੌਕੀ ਨੰ: 98726-00708, ਜ਼ਿਲ੍ਹਾ ਦਿਹਾਤੀ ਪੁਲਿਸ ਕੰਟਰੋਲ ਰੂਮ ਨੰ: 01624-223253,85560-19100 ਹਨ।