ਇਹ ਖਬਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ। ਇਥੇ ਇਕ ਲੜਕੀ ਵਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਲੜਕੀ ਨੌਜਵਾਨ ਦੇ ਨਜ਼ਦੀਕੀ ਪਿੰਡ ਆਪਣੇ ਮਾਮੇ ਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ। ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ। ਓਧਰ ਦੂਜੇ ਪਾਸੇ ਇਸ ਮਾਮਲੇ ‘ਚ ਪੁਲਿਸ ਨੇ ਵਿਆਹ ਤੋਂ ਇਨਕਾਰ ਕਰਨ ਵਾਲੀ ਲੜਕੀ ਸਮੇਤ ਲੜਕੀ ਅਤੇ ਉਸ ਦੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰਾਮਦਾਸ ਨਗਰ ਸਾਨੀਪੁਰ ਰੋਡ ਸਰਹਿੰਦ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਰੂਪਨਗਰ ‘ਚ ਸਰਕਾਰੀ ਵਿੱਤ ਵਿਭਾਗ ਦੇ ਖਜ਼ਾਨਾ ਦਫ਼ਤਰ ‘ਚ ਕੰਮ ਕਰਦਾ ਹੈ। ਉਸਦਾ ਲੜਕਾ ਦਵਿੰਦਰ ਸਿੰਘ ਲਾਗਲੇ ਪਿੰਡ ਦੀ ਇੱਕ ਲੜਕੀ ਦੇ ਸੰਪਰਕ ਵਿੱਚ ਆਇਆ ਜੋ ਆਪਣੇ ਮਾਮੇ ਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ। ਦੋਵੇਂ ਇੱਕ-ਦੂਜੇ ਨੂੰ ਮਿਲਦੇ ਸਨ ਅਤੇ ਮੋਬਾਈਲ ‘ਤੇ ਗੱਲ ਵੀ ਕਰਦੇ ਸਨ।
ਦਵਿੰਦਰ ਨੇ ਲੜਕੀ ਦੇ ਵਿਆਹ ਲਈ ਪਰਿਵਾਰ ਦੀ ਸਹਿਮਤੀ ਬਾਰੇ ਵੀ ਦੱਸਿਆ। ਪਹਿਲਾਂ ਤਾਂ ਉਕਤ ਲੜਕੀ ਵਿਆਹ ਲਈ ਰਾਜ਼ੀ ਹੋ ਰਹੀ ਸੀ ਪਰ ਬਾਅਦ ਵਿਚ ਲੜਕੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸ ਦੇ ਮਾਪੇ ਵਿਆਹ ਲਈ ਰਾਜ਼ੀ ਨਹੀਂ ਹਨ। ਉਸ ਦਾ ਇਨਕਾਰ ਸੁਣ ਕੇ ਦਵਿੰਦਰ ਸਿੰਘ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਦੀ ਹਾਲਤ ਵਿਗੜਨ ’ਤੇ ਦਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆਂ ਸੈਕਟਰ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ, ਉਥੇ ਦਵਿੰਦਰ ਸਿੰਘ ਦੀ ਮੌਤ ਹੋ ਗਈ।
ਇਸ ਮਾਮਲੇ ਸਬੰਧੀ ਥਾਣਾ ਸਰਹਿੰਦ ਦੇ ਇੰਚਾਰਜ ਮੁਹੰਮਦ ਜਮੀਲ ਨੇ ਦੱਸਿਆ ਹੈ ਕਿ ਜਰਨੈਲ ਸਿੰਘ ਦੇ ਬਿਆਨਾਂ ’ਤੇ ਲੜਕੀ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸਹਾਇਕ ਐਸਐਚਓ ਜਸਵਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।