ਪੰਜਾਬ ਦੇ ਜਿਲ੍ਹਾ ਪਟਿਆਲਾ ‘ਚ ਜੋੜਿਆਂ ਭੱਟੀਆਂ ਇਲਾਕੇ ‘ਚ ਰਾਮਲੀਲਾ ਦੀ ਸਟੇਜ ‘ਤੇ ਸ਼ਰਾਬ ਪੀ ਰਹੇ ਵਿਅਕਤੀ ਨੂੰ ਰੋਕਣ ‘ਤੇ ਇਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਬਚਾਅ ਲਈ ਅੱਗੇ ਆਏ ਇੱਕ ਹੋਰ ਵਿਅਕਤੀ ਨੂੰ ਵੀ ਦੋਸ਼ੀ ਨੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮ੍ਰਿਤਕ ਦੀ ਪਹਿਚਾਣ ਸਤਿੰਦਰ ਪਾਲ ਉਮਰ 62 ਸਾਲ ਵਾਸੀ ਜੋੜਿਆਂ ਭੱਟੀਆਂ ਵਜੋਂ ਹੋਈ ਹੈ। ਜਦਕਿ ਜ਼ਖਮੀ ਕਰਨਸ਼ੇਰ ਸਿੰਘ ਅਜੇ ਵੀ ਹਸਪਤਾਲ ‘ਚ ਜ਼ੇਰੇ ਇਲਾਜ ਹੈ।ਮ੍ਰਿਤਕ ਸਤਿੰਦਰ ਪਾਲ ਦੇ ਭਤੀਜੇ ਪ੍ਰਤੀਕ ਨੇ ਦੱਸਿਆ ਹੈ ਕਿ ਦੋਸ਼ੀ ਸਤੀਸ਼ ਕੁਮਾਰ ਅਤੇ ਉਸਦੇ ਤਾਏ ਵਿਚ ਕਾਫੀ ਚੰਗੀ ਦੋਸਤੀ ਸੀ। ਦੋਸ਼ੀ ਸਤੀਸ਼ ਕੁਮਾਰ ਜੋਡ਼ਿਆਂ ਭੱਟੀਆਂ ਇਲਾਕੇ ’ਚ ਰਾਮਲੀਲਾ ਦੀ ਸਟੇਜ ’ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ। ਉਸ ਦੇ ਤਾਏ ਸਤਿੰਦਰਪਾਲ ਨੇ ਇਸ ਦਾ ਵਿਰੋਧ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਹ ਧਾਰਮਿਕ ਸਮਾਗਮ ਦੀ ਸਟੇਜ ਹੈ, ਜਿੱਥੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਸੁਣ ਕੇ ਸ਼ਰਾਬੀ ਸਤੀਸ਼ ਕੁਮਾਰ ਭੜਕ ਗਿਆ ਅਤੇ ਨੇੜੇ ਪਏ ਬਰਫ਼ ਤੋੜਨ ਵਾਲੇ ਸੂਏ ਨੂੰ ਚੁੱਕ ਕੇ ਸਤਿੰਦਰ ਪਾਲ ‘ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਸਤਿੰਦਰ ਪਾਲ ਦੇ ਪੱਟ ‘ਤੇ ਸੂਏ ਨਾਲ 9 ਵਾਰ ਕੀਤੇ, ਜਦਕਿ ਇਕ ਵਾਰ ਉਸ ਦੀ ਛਾਤੀ ‘ਤੇ ਲੱਗਿਆ।
ਇਸ ਦੌਰਾਨ ਕਰਨਸ਼ੇਰ ਸਿੰਘ ਨਾਂ ਦਾ ਵਿਅਕਤੀ ਸਤਿੰਦਰ ਪਾਲ ਦੇ ਬਚਾਅ ਲਈ ਅੱਗੇ ਆਇਆ ਤਾਂ ਦੋਸ਼ੀ ਨੇ ਉਸ ਦੇ ਪੱਟ ’ਤੇ ਸੂਏ ਨਾਲ ਹਮਲਾ ਕਰ ਦਿੱਤਾ। ਬਾਅਦ ਵਿੱਚ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਰੌਲਾ ਪੈਣ ‘ਤੇ ਆਸਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਦੋਵਾਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਸਤਿੰਦਰ ਪਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੋਤਵਾਲੀ ਦੇ ਏ.ਐਸ.ਆਈ ਅਜਾਇਬ ਸਿੰਘ ਦੇ ਦੱਸਣ ਅਨੁਸਾਰ ਪੁਲਿਸ ਨੇ ਮ੍ਰਿਤਕ ਦੇ ਭਰਾ ਮਹੇਸ਼ਪਾਲ ਦੇ ਬਿਆਨਾਂ ‘ਤੇ ਦੋਸ਼ੀ ਸਤੀਸ਼ ਕੁਮਾਰ ਵਾਸੀ ਜੱਟਾਂ ਵਾਲਾ ਚੌਤਰਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਅਜੇ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।