ਪੰਜਾਬ ਦੇ ਜਿਲ੍ਹਾ ਜਲੰਧਰ ‘ਚ ਇਕ ਵਿਅਕਤੀ ਨੇ ਆਪਣੀ ਪਤਨੀ, ਬੇਟੀ, ਪੁੱਤਰ, ਸੱਸ ਅਤੇ ਸਹੁਰੇ ਨੂੰ ਜ਼ਿੰਦਾ ਸਾੜ ਦਿੱਤਾ। ਦੋਸ਼ੀ ਨੇ ਕਮਰੇ ਨੂੰ ਉਸ ਸਮੇਂ ਅੱਗ ਲਗਾ ਦਿੱਤੀ ਜਦੋਂ ਸਾਰਾ ਪਰਿਵਾਰ ਸੌਂ ਰਿਹਾ ਸੀ। ਇਸ ਕਾਰਨ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਸਾਰੇ ਕਮਰੇ ਵਿੱਚ ਹੀ ਜ਼ਿੰਦਾ ਸੜ ਗਏ।
ਮਰਨ ਵਾਲੇ 2 ਬੱਚਿਆਂ ਦੀ ਉਮਰ 5 ਅਤੇ 7 ਸਾਲ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਦੋਵਾਂ ਵਿਚਾਲੇ ਘਰੇਲੂ ਝਗੜਾ ਚੱਲ ਰਿਹਾ ਸੀ। ਜਿਸ ਦੇ ਕਾਰਨ ਪਤਨੀ ਪੇਕਿਆਂ ਦੇ ਘਰ ਆਈ ਹੋਈ ਸੀ। ਇਸ ਕਰਕੇ ਪਤੀ ਗੁੱਸੇ ਵਿਚ ਆ ਗਿਆ। ਦੋਸ਼ੀ ਨਸ਼ੇ ਦਾ ਆਦੀ ਹੈ। ਦੋਸ਼ੀ ਨੌਜਵਾਨ ਦਾ ਨਾਂ ਕਾਲੀ ਸਿੰਘ ਹੈ। ਉਹ ਪਿੰਡ ਖੁਰਸ਼ੇਦਪੁਰਾ ਦਾ ਰਹਿਣ ਵਾਲਾ ਹੈ। ਉਸ ਦਾ ਵਿਆਹ ਪਿੰਡ ਬੀਟਲਾ ਦੇ ਸੁਰਜਨ ਸਿੰਘ ਦੀ ਪੁੱਤਰੀ ਪਰਮਜੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਘਰ ਇੱਕ ਪੁੱਤਰ ਅਤੇ ਇੱਕ ਬੇਟੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪਰਮਜੀਤ ਕੌਰ ਆਪਣੇ ਬੱਚਿਆਂ ਨਾਲ ਪੇਕੇ ਪਿੰਡ ਬੀਟਲਾ ਗਈ ਸੀ। ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਵੀ ਉਸ ਨੂੰ ਲੈਣ ਬੀਟਲਾ ਪੁੱਜ ਗਿਆ।
ਕਮਰੇ ਨੂੰ ਤਾਲਾ ਲਗਾ ਕੇ ਅੱਗ ਲਾਈ
ਇਸੇ ਦੌਰਾਨ ਜਦੋਂ ਸਾਰਾ ਪਰਿਵਾਰ ਸੌਂ ਰਿਹਾ ਸੀ ਤਾਂ ਕਾਲੀ ਸਿੰਘ ਨੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ। ਇਸ ਤੋਂ ਬਾਅਦ ਕਾਲੀ ਸਿੰਘ ਨੇ ਕਮਰੇ ਵਿੱਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਕਾਲੀ ਸਿੰਘ ਨੂੰ ਅੱਗ ਲੱਗਣ ਤੇ ਚੀਕ-ਚਿਹਾੜਾ ਸੁਣ ਕੇ ਵੀ ਤਰਸ ਨਹੀਂ ਆਇਆ।
ਦੋਸ਼ੀ ਨੇ ਕਿਹਾ- ਮੈਂ ਲਾਈ ਅੱਗ
ਆਪਣੀਆਂ ਅੱਖਾਂ ਦੇ ਸਾਹਮਣੇ ਹੀ ਉਸ ਨੇ ਆਪਣੀ ਪਤਨੀ, ਬੇਟੀ ਅਰਸ਼ਦੀਪ ਕੌਰ, ਪੁੱਤਰ ਗੁਰਮੋਹਲ ਸਿੰਘ, ਸੱਸ ਜੋਗਿੰਦਰੋ ਅਤੇ ਸਹੁਰੇ ਸੁਰਜਨ ਸਿੰਘ ਨੂੰ ਜ਼ਿੰਦਾ ਸਾੜ ਦਿੱਤਾ। ਕਾਲੀ ਸਿੰਘ ਨੇ ਇਸ ਤੋਂ ਬਾਅਦ ਲਲਕਾਰੇ ਮਾਰੇ ਅਤੇ ਕਿਹਾ ਕਿ ਅੱਗ ਉਸ ਨੇ ਹੀ ਲਗਾਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਕਾਲੀ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।