ਇਹ ਦੁਖਦਾਈ ਖ਼ਬਰ ਪੰਜਾਬ ਦੇ ਖੰਨਾ ਸ਼ਹਿਰ ਤੋਂ ਸਾਹਮਣੇ ਆਈ ਹੈ। ਇਥੇ ਕਮਰੇ ‘ਚੋਂ ਮਹਿਲਾ ਜਿਮ ਟਰੇਨਰ ਦੀ ਸੜੀ ਹੋਈ ਲਾਸ਼ ਬਰਾਮਦ ਹੋਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਪੁਲੀਸ ਵਲੋਂ ਘਰ ਦੇ ਤਾਲੇ ਤੋੜ ਕੇ ਲਾਸ਼ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਜਿਮ ਟ੍ਰੇਨਰ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕਾ ਦੀ ਪਛਾਣ ਪਰਮਜੀਤ ਕੌਰ ਵਾਸੀ ਖੰਨਾ ਦੇ ਸਮਰਾਲਾ ਰੋਡ ਵਜੋਂ ਹੋਈ ਹੈ। ਲਾਸ਼ ਕਈ ਦਿਨਾਂ ਤੋਂ ਕਮਰੇ ਵਿੱਚ ਪਈ ਸੀ। ਇਸ ਦਾ ਪਤਾ ਉਦੋਂ ਲੱਗਾ ਜਦੋਂ ਲਾਸ਼ ਵਿੱਚੋਂ ਬਦਬੂ ਆਉਣ ਲੱਗੀ। ਸ਼ੱਕ ਹੋਣ ‘ਤੇ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਦਰਵਾਜ਼ਾ ਤੋੜਿਆ ਤਾਂ ਮਾਮਲਾ ਸਾਹਮਣੇ ਆਇਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਪਰਮਜੀਤ ਕੌਰ ਦੇ ਭਾਈ ਜਗਦੀਸ਼ ਨੇ ਦੱਸਿਆ ਕਿ ਉਸ ਦੀ ਭੈਣ ਕਈ ਦਿਨਾਂ ਤੋਂ ਲਾਪਤਾ ਸੀ। ਉਸ ਦੇ ਵੱਡੇ ਭਰਾ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਅੱਜ ਪਿੰਡ ਵਾਸੀਆਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਦੇ ਘਰੋਂ ਬਦਬੂ ਆ ਰਹੀ ਸੀ, ਜਿਸ ਤੋਂ ਬਾਅਦ ਉਹ ਵੀ ਮੌਕੇ ’ਤੇ ਪੁੱਜੇ ਅਤੇ ਦੇਖਿਆ ਕਿ ਉਸ ਦੀ ਭੈਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਦੀ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਖੰਨਾ ਦੇ ਐਸ.ਪੀ. (i) ਡਾ: ਪ੍ਰਗਿਆ ਜੈਨ ਅਤੇ ਡੀ.ਐਸ.ਪੀ. ਵਿਲੀਅਮ ਜੈਜ਼ੀ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ। ਇਸ ਦੌਰਾਨ ਪੁਲਸ ਨੇ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ। ਡੀ.ਐਸ.ਪੀ ਵਿਲੀਅਮ ਜੈਜ਼ੀ ਨੇ ਦੱਸਿਆ ਕਿ ਪਰਮਜੀਤ ਕੌਰ ਆਪਣੇ ਪਤੀ ਨਾਲ ਝਗੜਾ ਰਹਿੰਦਾ ਸੀ, ਜਿਸ ਕਰਕੇ ਦੋਵੇਂ ਵੱਖ-ਵੱਖ ਰਹਿੰਦੇ ਸਨ। ਪਰਮਜੀਤ ਕੌਰ ਕੁਝ ਦਿਨਾਂ ਤੋਂ ਫੋਨ ਨਹੀਂ ਚੁੱਕ ਰਹੀ ਸੀ ਅਤੇ ਕਿਸੇ ਨੇ ਉਸ ਨੂੰ ਦੇਖਿਆ ਤੱਕ ਨਹੀਂ ਸੀ। ਅੱਜ ਪਿੰਡ ਵਾਸੀਆਂ ਨੇ ਕੌਂਸਲਰ ਨੂੰ ਦੱਸਿਆ ਤੇ ਕੌਂਸਲਰ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਅਨੁਸਾਰ ਮੁੱਢਲੀ ਜਾਂਚ ਵਿੱਚ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ।