ਕਲਯੁੱਗੀ ਪੁੱਤ ਨੇ ਆਪਣੀ ਪਸੰਦ ਦਾ ਖਾਣਾ ਨਾ ਬਣਾਉਣ ਕਾਰਨ ਮਾਂ ਨਾਲ ਕੀਤਾ ਦਰਦਨਾਕ ਕੰਮ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਇੱਕ ਕਲਯੁੱਗੀ ਪੁੱਤ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਹੈ। ਨਿਊ ਅਸ਼ੋਕ ਨਗਰ ਦੇ ਵਿਚ 26 ਸਾਲ ਦੇ ਨੌਜਵਾਨ ਨੇ ਆਪਣੀ ਮਾਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਛੱਤ ਤੋਂ ਸੁੱਟਣ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਮਾਂ ਨੇ ਦੁਪਹਿਰ ਦੇ ਖਾਣੇ ਲਈ ਤੋਰੀਆਂ ਦੀ ਸਬਜ਼ੀ ਬਣਾਈ ਸੀ। ਤੋਰੀਆਂ ਦੀ ਸਬਜ਼ੀ ਬਣਾਉਣ ਤੇ ਉਸ ਨੇ ਆਪਣੀ ਮਾਂ ਨੂੰ ਘਰ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ।

ਮ੍ਰਿਤਕ ਮਾਂ ਦੀ ਪੁਰਾਣੀ ਤਸਵੀਰ

ਇਸ ਤੋਂ ਬਾਅਦ ਮਾਂ ਨੂੰ ਡੰਡੇ ਨਾਲ ਮਾਰਿਆ। ਜਦੋਂ ਪਿਤਾ ਉਸ ਨੂੰ ਬਚਾਉਣ ਆਇਆ ਤਾਂ ਉਸ ਦੀ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਸਲੇਮ ਟਾਬਰੀ ਪੁਲੀਸ ਨੇ ਦੋਸ਼ੀ ਨੌਜਵਾਨ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਮਹਿਲਾ ਦੀ ਪਛਾਣ 65 ਸਾਲਾ ਚਰਨਜੀਤ ਕੌਰ ਵਾਸੀ ਨਿਊ ਅਸ਼ੋਕ ਨਗਰ ਵਜੋਂ ਹੋਈ ਹੈ।

ਦੋਸ਼ੀ ਬੇਟਾ ਬੇਰੁਜ਼ਗਾਰ

ਪੀੜਤਾ ਦੇ ਭਤੀਜੇ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਸੁਰਿੰਦਰ ਸਿੰਘ ਉਰਫ ਟਿੰਕੂ ਬੇਰੁਜ਼ਗਾਰ ਅਤੇ ਗੁੱਸੇ ਵਾਲੇ ਸੁਭਾਅ ਦਾ ਹੈ। ਦੁਪਹਿਰ ਵੇਲੇ ਚਰਨਜੀਤ ਕੌਰ ਨੇ ਤੋਰੀਆਂ ਦੀ ਸਬਜ਼ੀ ਬਣਾਈ, ਪਰ ਟਿੰਕੂ ਨੂੰ ਇਹ ਪਸੰਦ ਨਹੀਂ ਆਈ। ਉਸ ਨੇ ਆਪਣੀ ਮਾਂ ਨੂੰ ਆਲੂ-ਗੋਭੀ ਦੀ ਸਬਜੀ ਬਣਾਉਣ ਲਈ ਕਿਹਾ, ਪਰ ਮਾਂ ਨੇ ਉਸ ਨੂੰ ਮਨ੍ਹਾ ਕਰ ਦਿੱਤਾ ਅਤੇ ਉਸ ਨੂੰ ਬਣਿਆ ਖਾਣਾ ਖਾਣ ਲਈ ਕਿਹਾ। ਟਿੰਕੂ ਨੇ ਆਪਣਾ ਆਪਾ ਖੋ ਦਿੱਤਾ ਅਤੇ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮਾਂ ਬਚਾਅ ਲਈ ਘਰ ਦੀ ਪਹਿਲੀ ਮੰਜ਼ਿਲ ਉਤੇ ਗਈ ਪਰ ਦੋਸ਼ੀ ਪੁੱਤਰ ਵੀ ਪਿੱਛੇ ਆ ਗਿਆ। ਇੱਥੇ ਉਸ ਨੇ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।

ਬਾਅਦ ਦੋਸ਼ੀ ਨੇ ਰਾਡ ਲੈ ਕੇ ਜ਼ਖਮੀ ਮਾਂ ਦੀ ਗਲੀ ‘ਚ ਹੀ ਕੁੱਟਮਾਰ ਕੀਤੀ। ਜਦੋਂ ਪਿਤਾ ਗੁਰਨਾਮ ਸਿੰਘ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਉਸ ਦੀ ਵੀ ਕੁੱਟਮਾਰ ਕਰਕੇ ਫ਼ਰਾਰ ਹੋ ਗਿਆ। ਗੁਰਨਾਮ ਸਿੰਘ ਨੇ ਰੌਲਾ ਪਾਇਆ ਅਤੇ ਗੁਆਂਢੀਆਂ ਦੀ ਮਦਦ ਨਾਲ ਆਪਣੀ ਪਤਨੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਮੰਗਲਵਾਰ ਦੇਰ ਸ਼ਾਮ ਉਸਦੀ ਮੌਤ ਹੋ ਗਈ। ਮ੍ਰਿਤਕ ਚਰਨਜੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਪੋਸਟਮਾਰਟਮ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ।

ਸਲੇਮ ਟਾਬਰੀ ਥਾਣੇ ਦੇ ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਦੋ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ। ਇਸ ਦੇ ਨਾਲ ਹੀ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਟਿੰਕੂ ਉਸ ਨਾਲ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜਾ ਕਰਦਾ ਸੀ। ਗੁੱਸੇ ਕਾਰਨ ਉਹ ਲੰਬੇ ਸਮੇਂ ਤੋਂ ਇਕ ਥਾਂ ‘ਤੇ ਕੰਮ ਨਹੀਂ ਕਰ ਸਕਿਆ। ਰਿਸ਼ਤੇਦਾਰ ਨੇ ਦੱਸਿਆ ਕਿ ਉਹ 7 ਸਾਲਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਉਸ ਦਾ ਵੱਡਾ ਭਰਾ ਵੀ ਦਿਮਾਗੀ ਤੌਰ ‘ਤੇ ਠੀਕ ਨਹੀਂ ਹੈ। ਉਹ ਖੁਦ ਵੀ ਪਿਛਲੇ 7-8 ਸਾਲਾਂ ਤੋਂ ਮਾਨਸਿਕ ਤੌਰ ‘ਤੇ ਕਮਜ਼ੋਰ ਹੈ। ਉਸਦਾ ਦਿਮਾਗ ਕੰਮ ਨਹੀਂ ਕਰਦਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਭਰਾਵਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਤਾਂ ਸਰਕਾਰ ਵਲੋਂ ਹਸਪਤਾਲ ਦਾਖਲ ਕਰਾਇਆ ਜਾਵੇ ਤਾਂ ਜੋ ਮੁਹੱਲਾ ਵਾਸੀ ਸੁਰੱਖਿਅਤ ਰਹਿ ਸਕਣ।

ਮੁਹੱਲਾ ਵਾਸੀਆਂ ਨੇ ਦੱਸਿਆ ਕਿ ਦੋਸ਼ੀ ਕਈ ਵਾਰ ਗਲੀ ‘ਚ ਇੱਟਾਂ-ਪੱਥਰ ਵੀ ਸੁੱਟਣ ਲੱਗ ਪੈਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵੀ ਖਤਰਾ ਬਣਿਆ ਰਹਿੰਦਾ ਹੈ। ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਕਿਸੇ ਤਰ੍ਹਾਂ ਉਸ ਨੂੰ ਰੱਸੀ ਨਾਲ ਬੰਨ੍ਹ ਕੇ ਕਾਬੂ ਕਰ ਲਿਆ ਅਤੇ ਥਾਣਾ ਸਲੇਮ ਟਾਬਰੀ ਦੇ ਹਵਾਲੇ ਕਰ ਦਿੱਤਾ।

Leave a Reply

Your email address will not be published. Required fields are marked *