ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਥਾਣਾ ਪਾਇਲ ਦੀ ਪੁਲਿਸ ਨੇ ਵਿਆਹ ਤੋਂ ਇਨਕਾਰ ਕਰਨ ਅਤੇ ਪੈਸੇ ਵਾਪਸ ਨਾ ਕਰਨ ਤੋਂ ਪ੍ਰੇਸ਼ਾਨ ਹੋਕੇ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਉਸ ਦੀ ਪ੍ਰੇਮਿਕਾ ਦਾ ਨਾਮ ਦਰਜ ਕਰਕੇ ਅੱਗੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਸ਼ਿਕਾਇਤ ਕਰਤਾ ਜਰਨੈਲ ਸਿੰਘ ਵਾਸੀ ਵਾਰਡ ਨੰ. 1, ਪਾਇਲ ਜ਼ਿਲਾ ਲੁਧਿਆਣਾ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦੇ ਵੱਡੇ ਲੜਕੇ ਹਰਵੀਰ ਸਿੰਘ ਜੋ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ, ਨੇ ਮਨਜਿੰਦਰ ਕੌਰ ਉਰਫ ਰੂਬੀ ਪ੍ਰੇਮਿਕਾ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਖਰਚ ਕੀਤੇ ਪਰ ਬਾਅਦ ਵਿਚ ਕੁਝ ਅਜਿਹਾ ਹੋਇਆ ਕਿ ਉਹ ਆਪਣੇ ਹੋਸ਼ ਖੋ ਬੈਠਾ। ਉਸ ਦੀ ਮਨਜਿੰਦਰ ਕੌਰ ਪੁੱਤਰੀ ਹਰਜੀਤ ਸਿੰਘ ਵਾਸੀ ਫਾਟਕ ਨੇ ਐੱਸ. ਪਿੰਡ ਹਰੀਓ, ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਨਾਲ ਪਿਛਲੇ 1 ਸਾਲ ਤੋਂ ਦੋਸਤੀ ਚੱਲ ਰਹੀ ਸੀ ਅਤੇ ਉਸ ਦੇ ਲੜਕੇ ਹਰਵੀਰ ਸਿੰਘ ਨੇ ਮਨਜਿੰਦਰ ਕੌਰ ਉਰਫ਼ ਰੂਬੀ ਨੂੰ ਵਿਦੇਸ਼ ਭੇਜਣ ਲਈ ਖੰਨਾ ਵਿਖੇ ਆਪਣੇ ਖਰਚੇ ‘ਤੇ ਆਈਲੈਟਸ ਕਰਵਾਇਆ ਸੀ।
ਇਸ ਦੌਰਾਨ ਮਨਜਿੰਦਰ ਕੌਰ ਨੇ ਉਸਦੇ ਲੜਕੇ ਹਰਵੀਰ ਸਿੰਘ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਬਾਅਦ ਵਿਚ ਜਦੋਂ ਉਸ ਦੇ ਲੜਕੇ ਹਰਵੀਰ ਸਿੰਘ ਨੇ ਮਨਜਿੰਦਰ ਕੌਰ ਨੂੰ ਉਸ ਵੱਲੋਂ ਖਰਚ ਕੀਤੇ ਅਤੇ ਉਧਾਰ ਦਿੱਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਮੇਰੇ ਲੜਕੇ ਨੂੰ ਬਹੁਤ ਜ਼ਲੀਲ ਕੀਤਾ ਅਤੇ ਪੈਸੇ ਵਾਪਸ ਨਹੀਂ ਕੀਤੇ, ਜਿਸ ਕਾਰਨ ਉਸ ਦਾ ਲੜਕਾ ਹਰਵੀਰ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਅਤੇ 17 ਅਕਤੂਬਰ ਦੀ ਰਾਤ ਨੂੰ 11 ਵਜੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।
ਜਿਸ ਨੂੰ ਤੁਰੰਤ ਇਲਾਜ ਲਈ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਮਛਿੰਦਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਦੇ ਬਿਆਨਾਂ ’ਤੇ ਉਕਤ ਲੜਕੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।