ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਆਏ ਦਿਨ ਕਿਸੇ ਨਾ ਕਿਸੇ ਕਾਰਨ ਮੌਤ ਹੋਣ ਕਾਰਨ ਪੰਜਾਬੀਆਂ ਵਿੱਚ ਸੋਗ ਦਾ ਮਾਹੌਲ ਹੈ। ਇਹੋ ਜਿਹਾ ਹੀ ਹੁਣ ਇੱਕ ਮੰਦਭਾਗਾ ਤਾਜ਼ਾ ਮਾਮਲਾ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਬਲਾਕ ਦੇ ਪਿੰਡ ਲਦੋਈ ਤੋਂ ਸਾਹਮਣੇ ਆਇਆ ਹੈ। ਇਥੋਂ ਦੇ 29 ਸਾਲਾ ਸਵਿੰਦਰਜੀਤ ਸਿੰਘ ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਇੱਕ ਟਰੱਕ ਦੇ ਪਲਟ ਜਾਣ ਕਾਰਨ ਮੌਤ ਹੋ ਗਈ ਹੈ।
ਸਵਿੰਦਰਜੀਤ ਸਿੰਘ ਰੋਜ਼ੀ-ਰੋਟੀ ਦੀ ਭਾਲ ਵਿੱਚ 2013 ਵਿੱਚ ਅਮਰੀਕਾ ਗਿਆ ਸੀ ਅਤੇ ਉੱਥੇ ਉਹ ਇੱਕ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਬੀਤੇ ਦਿਨ ਜਦੋਂ ਉਹ ਟਰੱਕ ਚਲਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਦੌਰਾ ਪੈ ਗਿਆ। ਦੌਰਾ ਪੈਣ ਕਾਰਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਸਵਿੰਦਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਸਵਿੰਦਰਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਅਜੇ ਅਣਵਿਆਹਿਆ ਸੀ ਅਤੇ ਸਾਰੇ ਪਰਿਵਾਰ ਦਾ ਖਰਚਾ ਉਸ ਦੀ ਕਮਾਈ ਨਾਲ ਹੀ ਚਲਦਾ ਸੀ। ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਸਵਿੰਦਰਜੀਤ ਸਿੰਘ ਦੀ ਲਾਸ਼ ਨੂੰ ਕੈਲੀਫੋਰਨੀਆ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪਰਿਵਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ।
ਦੱਸਣਯੋਗ ਹੈ ਕਿ ਮ੍ਰਿਤਕ ਸਵਿੰਦਰਜੀਤ ਸਿੰਘ ਦੇ ਵੱਡੇ ਭਰਾ ਵਿੱਕੀ ਦੀ ਵੀ ਪਿਛਲੇ ਸਾਲ ਮੌਤ ਹੋ ਗਈ ਸੀ ਅਤੇ ਇਕ ਸਾਲ ਦੇ ਅੰਦਰ ਹੀ ਪਰਿਵਾਰ ਦੇ ਦੋ ਨੌਜਵਾਨ ਪੁੱਤਰਾਂ ਦੀ ਮੌਤ ਨਾਲ ਪਰਿਵਾਰ ‘ਤੇ ਸੋਗ ਦਾ ਪਹਾੜ ਟੁੱਟ ਗਿਆ ਹੈ। ਮ੍ਰਿਤਕ ਸਵਿੰਦਰਜੀਤ ਸਿੰਘ ਦੀ ਮਾਤਾ ਸਤਵੰਤ ਕੌਰ ਦੀ ਗਮ ਵਿਚ ਹਾਲਤ ਖਰਾਬ ਹੋ ਗਈ ਹੈ। ਇਸ ਦੇ ਨਾਲ ਹੀ ਘਰ ਵਿੱਚ ਕੇਵਲ ਸਵਿੰਦਰਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ, ਮਾਤਾ ਸਤਵੰਤ ਕੌਰ ਅਤੇ ਚਾਚਾ ਹੀ ਰਹਿ ਗਏ ਹਨ।