ਆਪਣੀ ਪਤਨੀ ਦੇ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੇ ਬੇਟੇ ਨੇ ਮੌਤ ਨੂੰ ਗਲੇ ਲਗਾ ਲਿਆ। ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸਨੇ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿੱਚ ਉਸਨੇ ਆਪਣੀ ਪਤਨੀ ਤੋਂ ਮਾਫੀ ਮੰਗੀ ਹੈ। ਇਹ ਘਟਨਾ ਟਿੱਬਾ ਰੋਡ ‘ਤੇ ਸਥਿਤ ਗਰੇਵਾਲ ਕਲੋਨੀ ਦੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਕਰੀਬ 9 ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਪਰ ਵਿਆਹ ਤੋਂ ਬਾਅਦ ਉਸ ਦਾ ਪਤਨੀ ਹਰਮਨ ਕੌਰ ਨਾਲ ਝਗੜਾ ਕਲੇਸ਼ ਸ਼ੁਰੂ ਹੋ ਗਿਆ ਸੀ।
ਇਸ ਘਟਨਾ ਸਮੇਂ ਉਸ ਦੀ ਪਤਨੀ ਪੇਕੇ ਘਰ ਗਈ ਹੋਈ ਸੀ। ਗੁਰਪ੍ਰੀਤ ਦੀ ਮਾਤਾ ਸੁਖਦੀਪ ਕੌਰ ਜੋ ਕਿ ਐਤਵਾਰ ਰਾਤ ਨੂੰ ਬਾਥਰੂਮ ਜਾਣ ਲਈ ਉੱਠੀ ਤਾਂ ਉਸ ਨੇ ਗੁਰਪ੍ਰੀਤ ਦੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਦੇਖਿਆ ਤਾਂ ਉਸ ਨੂੰ ਅਵਾਜ ਲਾਈ। ਜਦੋਂ ਕਾਫ਼ੀ ਅਵਾਜ਼ਾਂ ਲਾਉਣ ਤੇ ਵੀ ਦਰਵਾਜਾ ਨਹੀਂ ਖੋਲ੍ਹਿਆ ਤਾਂ ਘਰ ਦੇ ਹੋਰ ਮੈਂਬਰਾਂ ਨੂੰ ਜਗਾਇਆ। ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਗੁਰਪ੍ਰੀਤ ਮ੍ਰਿਤਕ ਹਾਲਤ ਵਿਚ ਫਰਸ਼ ‘ਤੇ ਪਿਆ ਸੀ। ਜਦੋਂ ਕਿ ਇੱਕ ਚੁੰਨੀ ਪੱਖੇ ਨਾਲ ਬੰਨ੍ਹੀ ਹੋਈ ਸੀ। ਥਾਣਾ ਟਿੱਬਾ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤਾਂ ਉਥੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ।
ਪਤਨੀ ਅਤੇ ਸਹੁਰਿਆਂ ਤੇ ਲਾਏ ਗੰਭੀਰ ਇਲਜ਼ਾਮ
ਗੁਰਪ੍ਰੀਤ ਦੇ ਭਰਾ ਸਿਮਰਨ ਨੇ ਦੱਸਿਆ ਕਿ ਵਿਆਹ ਦੇ 15 ਦਿਨ ਬਾਅਦ ਹੀ ਭਾਬੀ ਹਰਮਨ ਘਰ ‘ਚ ਝਗੜਾ ਕਰਨ ਲੱਗ ਪਈ। ਪਰ ਪਰਿਵਾਰ ਨੂੰ ਉਸ ਬਾਰੇ ਪਤਾ ਨਹੀਂ ਸੀ। ਉਨ੍ਹਾਂ ਨੇ ਹਰਮਨ ਨੂੰ ਕੈਨੇਡਾ ਭੇਜਣ ਲਈ 25 ਲੱਖ ਰੁਪਏ ਲਾਏ। ਪਰ ਜਿਵੇਂ ਹੀ ਕੈਨੇਡਾ ਦਾ ਵੀਜ਼ਾ ਆਇਆ, ਉਸ ਦਿਨ ਤੋਂ ਹੀ ਹਰਮਨ ਦਾ ਰਵੱਈਆ ਬਦਲ ਗਿਆ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਸ ਦੇ ਪਰਿਵਾਰਕ ਮੈਂਬਰ ਘਰ ਆ ਕੇ ਕੁੱਟਮਾਰ ਕਰਨ ਲੱਗੇ। ਹਰਮਨ ਨੇ ਗੁਰਪ੍ਰੀਤ ਸਿੰਘ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਉਸਨੂੰ ਕੈਨੇਡਾ ਬੁਲਾ ਕੇ ਤਲਾਕ ਦੇ ਦੇਵੇਗੀ। ਗੁਰਪ੍ਰੀਤ ਕਰੀਬ 3 ਸਾਲ ਸਾਈਪ੍ਰਸ ਵਿੱਚ ਕੰਮ ਕਰ ਚੁੱਕਾ ਹੈ। ਉਹ ਇੰਡੀਆ ਆਇਆ ਤਾਂ ਉਸਨੇ ਇੱਥੇ ਟਰਾਲਾ ਚਲਾਉਣਾ ਸ਼ੁਰੂ ਕਰ ਦਿੱਤਾ।
ਸਿਮਰਨ ਨੇ ਦੋਸ਼ ਲਾਇਆ ਕਿ ਜਦੋਂ ਗੁਰਪ੍ਰੀਤ ਸਿੰਘ ਦਾ ਵਿਆਹ ਸੀ ਤਾਂ ਹਰਮਨ ਦੇ ਪਰਿਵਾਰ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਵਿਆਹ ਵਿੱਚ ਨਹੀਂ ਬੁਲਾਇਆ ਸੀ। ਦੋਵਾਂ ਦਾ ਅਖਬਾਰ ਰਾਹੀਂ ਰਿਸ਼ਤਾ ਹੋਇਆ ਸੀ। ਹਰਮਨ ਦਾ ਗੁਰਪ੍ਰੀਤ ਨਾਲ ਹਮੇਸ਼ਾ ਝਗੜਾ ਰਹਿੰਦਾ ਸੀ ਕਿ ਉਹ ਪਰਿਵਾਰ ਛੱਡ ਕੇ ਵੱਖ ਰਹੇ। ਪਰ ਗੁਰਪ੍ਰੀਤ ਆਪਣੇ ਪਰਿਵਾਰ ਨੂੰ ਛੱਡ ਨਹੀਂ ਸਕਦਾ ਸੀ। ਸਿਮਰਨ ਨੇ ਦੱਸਿਆ ਕਿ ਹਰਮਨ ਦਾ ਵੀਜ਼ਾ ਆਉਣ ‘ਤੇ ਉਸ ਨੂੰ ਪਤਾ ਲੱਗਾ ਕਿ ਉਸ ਨੇ ਕਾਗਜ਼ਾਂ ‘ਚ ਖੁਦ ਨੂੰ ਸਿੰਗਲ ਦੱਸਿਆ ਹੈ।
ਸਿਮਰਨ ਨੇ ਦੱਸਿਆ ਕਿ ਇਸ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਸੀ। ਗੁਰਪ੍ਰੀਤ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕਿਉਂਕਿ ਵਿਦੇਸ਼ ਜਾਣ ਦੇ ਸਾਰੇ ਦਸਤਾਵੇਜ਼ ਹਰਮਨ ਦੀ ਮਾਂ ਨੇ ਤਿਆਰ ਕਰਵਾਏ ਸਨ। ਹਰਮਨ ਪਟਿਆਲਾ ਦੀ ਰਹਿਣ ਵਾਲੀ ਹੈ। ਪਰ ਉਸਦੀ ਮਾਂ ਅਤੇ ਮਤਰੇਆ ਪਿਤਾ ਸ਼ਿਮਲਾਪੁਰੀ, ਲੁਧਿਆਣਾ ਵਿੱਚ ਰਹਿੰਦੇ ਹਨ। ਗੁਰਪ੍ਰੀਤ ਦੀ ਮੌਤ ਦਾ ਪਤਾ ਲੱਗਣ ਤੋਂ ਬਾਅਦ ਹਰਮਨ, ਉਸਦੇ ਪਿਤਾ ਅਤੇ ਮਾਤਾ ਫਰਾਰ ਹਨ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਹਰਮਨ ਉਨ੍ਹਾਂ ਦੇ ਘਰੋਂ ਗਹਿਣੇ ਆਦਿ ਚੋਰੀ ਕਰਕੇ ਲਿਜਾ ਚੁੱਕੀ ਹੈ।
ਗੁਰਪ੍ਰੀਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਚੁਕਿਆ ਸੀ
ਗੁਰਪ੍ਰੀਤ ਦੇ ਭਰਾ ਸਿਮਰਨ ਨੇ ਦੱਸਿਆ ਕਿ ਭਾਬੀ ਹਰਮਨ ਨੇ ਕਿਹਾ ਕਿ ਉਸ ਦੇ ਭਾਈ ਨੂੰ ਏਨਾ ਪ੍ਰੇਸ਼ਾਨ ਕਰ ਦਿੱਤਾ ਸੀ ਕਿ ਉਹ ਕੰਧਾਂ ਨਾਲ ਸਿਰ ਮਾਰਨ ਲੱਗਿਆ ਸੀ। ਗੁਰਪ੍ਰੀਤ ਹਮੇਸ਼ਾ ਗੁੱਸੇ ਵਿੱਚ ਰਹਿੰਦਾ ਸੀ। ਕਰੀਬ ਇੱਕ ਹਫ਼ਤਾ ਪਹਿਲਾਂ ਵੀ ਹਰਮਨ ਉਸ ਨਾਲ ਝਗੜਾ ਕਰਨ ਗਈ ਸੀ। ਪਰਿਵਾਰ ਅਨੁਸਾਰ ਹਰਮਨ ਨੇ ਆਈਲੈਟਸ ਕਰਨ ਤੋਂ ਬਾਅਦ ਜੋ ਡਿਗਰੀਆਂ ਆਦਿ ਲਗਵਾਈਆਂ ਹਨ, ਉਹ ਸਭ ਫਰਜ਼ੀ ਹਨ। ਇਸ ਦੇ ਨਾਲ ਹੀ ਥਾਣਾ ਟਿੱਬਾ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਪਤਨੀ ਅਤੇ ਮਾਂ ਤੋਂ ਮੰਗੀ ਮਾਫੀ
ਮੌਕੇ ਉਤੇ ਮਿਲੇ ਸੁਸਾਈਡ ਨੋਟ ਦੇ ਵਿਚ ਗੁਰਪ੍ਰੀਤ ਸਿੰਘ ਨੇ ਲਿਖਿਆ ਹੈ ਕਿ ਮੈਂ ਅੱਜ ਤੱਕ ਜੋ ਕੁਝ ਕੀਤਾ ਉਸ ਲਈ ਮੈਨੂੰ ਮੁਆਫ਼ ਕਰ ਦੇਣਾ। ਮੈਨੂੰ ਖੁਦ ਨਹੀਂ ਪਤਾ ਸੀ ਕਿ ਮੈਂ ਇਹੋ ਜਿਹਾ ਕਿਉਂ ਹੋ ਗਿਆ ਹਾਂ। ਮੇਰੇ ਦਿਲ ਵਿੱਚ ਬਹੁਤ ਸਾਰੀਆਂ ਗੱਲਾਂ ਹਨ ਜੋ ਮੈਂ ਕਿਸੇ ਨਾਲ ਨਹੀਂ ਕਰ ਸਕਦਾ। ਮੈਂ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ। ਹਾਂ, ਮੈਂ ਗੁੱਸੇ ਹਾਂ, ਮੈਂ ਮੰਨਦਾ ਹਾਂ। ਮੈਨੂੰ ਮਾਫ਼ ਕਰ ਦੇਵੋ, ਬਸ ਇੱਕ ਵਾਰ ਹਰਮਨ ਨੂੰ ਕਹਿ ਦੇਣਾ ਕਿ ਮੇਰੇ ਮਰਨ ਤੇ ਆ ਜਾਵੇ। ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਹਰਮਨ ਤੋਂ ਮੁਆਫੀ ਮੰਗਦਾ ਹਾਂ। ਉਸ ਨੇ ਆਪਣੀ ਮਾਂ ਤੋਂ ਵੀ ਮੁਆਫੀ ਮੰਗੀ। ਮਰਨ ਵਾਲੇ ਨੇ ਲਿਖਿਆ ਕਿ ਮਾਫ ਕਰਨਾ ਮਾਂ, ਤੇਰਾ ਪੁੱਤ ਠੀਕ ਨਹੀਂ ਨਿਕਲਿਆ। ਗੁਰਪ੍ਰੀਤ ਨੇ ਲਿਖਿਆ ਕਿ ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ, ਬਸ ਹਰਮਨ ਨੂੰ ਬੁਲਾ ਲੈਣਾ। ਮੈਂ ਇੱਥੇ ਨਾ ਹੁੰਦੇ ਵੀ ਇੱਥੇ ਰਹਾਂਗਾ।