ਇਹ ਮੰਦਭਾਗੀ ਖ਼ਬਰ ਅੰਮ੍ਰਿਤਸਰ ਕਲਾਨੌਰ ਤੋਂ ਸਾਹਮਣੇ ਆਈ ਹੈ। ਇਥੇ ਦੀਵਾਲੀ ਦੀ ਰਾਤ ਇਕ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਸ ਥਾਣਾ ਕਲਾਨੌਰ ‘ਚ ਦਰਜ ਕਰਵਾਏ ਬਿਆਨਾਂ ‘ਚ ਮ੍ਰਿਤਕ ਪ੍ਰਿਅੰਕਾ ਉਮਰ 28 ਸਾਲ ਦੇ ਪਿਤਾ ਪਵਨ ਕੁਮਾਰ ਵਾਸੀ ਜਲੰਧਰ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਪ੍ਰਿਅੰਕਾ ਦਾ ਵਿਆਹ ਸਾਲ 2020 ‘ਚ ਕਲਾਨੌਰ ਦੇ ਰਹਿਣ ਵਾਲੇ ਅਰੁਣ ਕੁਮਾਰ ਨਾਲ ਹੋਇਆ ਸੀ।
ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਪ੍ਰਿਯੰਕਾ ਅਤੇ ਉਸਦੀ ਸੱਸ ਦਾ ਇੱਕ ਦੂਜੇ ਨਾਲ ਰਿਸ਼ਤਾ ਚੰਗਾ ਨਹੀਂ ਸੀ। ਇਸ ਕਾਰਨ ਉਸ ਦੀ ਲੜਕੀ ਪਿਛਲੇ ਦੋ ਮਹੀਨਿਆਂ ਤੋਂ ਉਸ ਕੋਲ ਜਲੰਧਰ ਚਲੀ ਗਈ ਸੀ। ਇਸ ਤੋਂ ਬਾਅਦ 25 ਸਤੰਬਰ ਨੂੰ ਕੁਝ ਪਤਵੰਤਿਆਂ ਨਾਲ ਗੱਲਬਾਤ ਕਰਕੇ ਉਸ ਦੀ ਲੜਕੀ ਮੁੜ ਆਪਣੇ ਸਹੁਰੇ ਘਰ ਕਲਾਨੌਰ ਆ ਗਈ ਸੀ। ਉਸ ਨੇ ਦੱਸਿਆ ਕਿ ਦੀਵਾਲੀ ਵਾਲੀ ਸ਼ਾਮ ਉਸ ਦੇ ਲੜਕੇ ਹੈਪੀ ਅਰੋੜਾ ਨੂੰ ਲੜਕੀ ਦੀ ਸੱਸ ਦਾ ਫੋਨ ਆਇਆ ਕਿ ਉਹ ਆ ਕੇ ਉਨ੍ਹਾਂ ਦੀ ਲੜਕੀ ਦੀ ਦੇਖਭਾਲ ਕਰ ਲਵੇ।
ਇਸ ਤੋਂ ਬਾਅਦ ਦੁਬਾਰਾ ਫਿਰ ਲੜਕੀ ਦੀ ਸੱਸ ਦਾ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ ਹੈ। ਥਾਣਾ ਕਲਾਨੌਰ ਦੀ ਪੁਲਸ ਨੇ ਮ੍ਰਿਤਕ ਪ੍ਰਿਅੰਕਾ ਦੇ ਪਿਤਾ ਪਵਨ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਿੱਤਾ ਧਰਨਾ
ਦੂਜੇ ਪਾਸੇ ਮ੍ਰਿਤਕ ਪ੍ਰਿਅੰਕਾ ਦੇ ਰਿਸ਼ਤੇਦਾਰਾਂ ਨੇ ਥਾਣਾ ਕਲਾਨੌਰ ਦੇ ਬਾਹਰ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ। ਲੜਕੀ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਦਾ ਕਤਲ ਕੀਤਾ ਗਿਆ ਹੈ ਅਤੇ ਪੁਲੀਸ ਨੂੰ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਉਨ੍ਹਾਂ ਦੀ ਲੜਕੀ ਦੀ ਡੇਢ ਸਾਲ ਦੀ ਬੱਚੀ ਨੂੰ ਵੀ ਉਨ੍ਹਾਂ ਦੇ ਹਵਾਲੇ ਕਰੇ।