ਇਹ ਖਬਰ ਜਿਲ੍ਹਾ ਜਲੰਧਰ ਤੋਂ ਪ੍ਰਾਪਤ ਹੋਈ ਹੈ। ਇਥੇ ਡੀਵੀਏਟ ਕਾਲਜ ਵਿੱਚ ਬੀਸੀਏ ਕਰ ਰਹੇ ਵਿਦਿਆਰਥੀ ਸ਼ਿਵਮ ਮਲਹੋਤਰਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਸ ਦੇ ਪਿਤਾ ਜਤਿੰਦਰ ਮਲਹੋਤਰਾ ਦਾ ਦੋਸ਼ ਹੈ ਕਿ ਬੇਟੇ ਨੇ ਪ੍ਰਿੰਸੀਪਲ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਆਪਣੇ ਸਾਥੀਆਂ ਨਾਲ ਡੀਏਵੀ ਕਾਲਜ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਕਾਰਨ ਲੰਬਾ ਜਾਮ ਲੱਗ ਗਿਆ। ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾਇਆ ਹੈ।
ਸ਼ਿਵਮ ਦੇ ਪਿਤਾ ਜਤਿੰਦਰ ਨੇ ਦੱਸਿਆ ਹੈ ਕਿ ਉਸਦਾ ਲੜਕਾ ਬੀਸੀਏ ਦੂਜੇ ਸਾਲ ਦਾ ਵਿਦਿਆਰਥੀ ਹੈ। ਕਾਲਜ ਦੇ ਹੀ ਕੁਝ ਮੁੰਡਿਆਂ ਨਾਲ ਉਸ ਦੀ ਲੜਾਈ ਹੋ ਗਈ ਸੀ। ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਅਤੇ ਡੀਨ ਦੀ ਤਰਫੋਂ ਲੜਕੇ ਤੇ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਉਹ ਪ੍ਰਿੰਸੀਪਲ ਨੂੰ ਬੇਨਤੀ ਕਰਦਾ ਰਿਹਾ ਕਿ ਉਸ ਦੇ ਬੇਟੇ ਦਾ ਭਵਿੱਖ ਖਰਾਬ ਹੋ ਜਾਵੇਗਾ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ।
ਦੋਸ਼ ਹੈ ਕਿ ਉਸ ਨੂੰ ਕਿਹਾ ਗਿਆ ਕਿ ਉਹ ਉਸ ਦੇ ਬੇਟੇ ਦੀ ਜ਼ਿੰਦਗੀ ਖਰਾਬ ਕਰ ਦੇਣਗੇ। ਜਤਿੰਦਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ ਜਦੋਂ ਸ਼ਿਵਮ ਪ੍ਰੇਸ਼ਾਨ ਹੋ ਕੇ ਘਰ ਤੋਂ ਨਿਕਲਿਆ ਤਾਂ ਰਸਤੇ ‘ਚ ਉਸ ਨੇ ਜ਼ਹਿਰੀਲੀਆਂ ਗੋਲੀਆਂ ਖਾ ਲਈਆਂ। ਉਸ ਨੇ ਤੁਰੰਤ ਆਪਣੀ ਮਾਂ ਨੂੰ ਸੂਚਿਤ ਕੀਤਾ ਅਤੇ ਕਿਹਾ ਕਿ ਉਹ ਏਪੀਜੇ ਕਾਲਜ ਦੇ ਬਾਹਰ ਖੜ੍ਹਾ ਹੈ। ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਉਸ ਨੂੰ ਨੇੜਲੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸਰਕਾਰ ਤੋਂ ਇੰਨਸਾਫ ਦੀ ਗੁਹਾਰ
ਮਾਪਿਆਂ ਨੇ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਪ੍ਰਿੰਸੀਪਲ ਅਤੇ ਡੀਨ ਨੇ ਲਈ ਹੈ। ਉਹ ਲੋਕ ਉਨ੍ਹਾਂ ਨੂੰ ਆਪਣੇ ਬੱਚੇ ਦੇ ਭਵਿੱਖ ਬਾਰੇ ਮਿੰਨਤਾਂ ਕਰਦੇ ਰਹੇ। ਇਸ ਨੂੰ ਦੇਖਦੇ ਹੋਏ ਉਸ ਦਾ ਬੱਚਾ ਡਿਪ੍ਰੈਸ਼ਨ ‘ਚ ਚਲਾ ਗਿਆ ਅਤੇ ਅੱਜ ਉਸ ਨੇ ਇਹ ਕਦਮ ਚੁੱਕਿਆ। ਸ਼ਿਵਮ ਦੀ ਮੌਤ ਤੋਂ ਬਾਅਦ ਗੁੱਸੇ ‘ਚ ਆਏ ਵਿਦਿਆਰਥੀਆਂ ਨੇ ਡੀਏਵੀ ਕਾਲਜ ਦੇ ਬਾਹਰ ਫਲਾਈਓਵਰ ‘ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ।
ਇਥੇ ਮੌਕੇ ‘ਤੇ ਪਹੁੰਚੇ ਜਾਂਂਚ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਸ਼ਿਵਮ ਦੇ ਰਿਸ਼ਤੇਦਾਰਾਂ ਦੇ ਬਿਆਨਾਂ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ। ਜੇਕਰ ਉਸ ਵਿੱਚ ਕੋਈ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਦਾ ਭਰੋਸਾ ਮਿਲਣ ਤੋਂ ਕਰੀਬ ਦੋ ਘੰਟੇ ਬਾਅਦ ਪਰਿਵਾਰ ਨੇ ਧਰਨਾ ਸਮਾਪਤ ਕੀਤਾ।