ਦਰਦਨਾਕ ਹਾਦਸੇ ਨੇ, ਦੋ ਘਰਾਂ ਦੇ ਚਿਰਾਗ ਬੁਝਾਏ, ਬੁਲਟ ਤੇ ਜਾਂਦੇ ਦੋ ਦੋਸਤਾਂ ਨਾਲ ਇੰਝ ਬੀਤਿਆ ਭਾਣਾ

Punjab

ਪੰਜਾਬ ਦੇ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ‘ਤੇ ਪੈਂਦੇ ਪਿੰਡ ਬਰਿੰਦਪੁਰ ਨੇੜੇ ਇਕ ਟਰੈਕਟਰ ਏਜੰਸੀ ਦੇ ਬਾਹਰ ਬੁਲਟ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਦੋ ਦੋਸਤਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨ ਲੈਣ ਤੋਂ ਬਾਅਦ ਦੋਸ਼ੀ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਹਰਮਨਜੋਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਗਲਜ਼ਾਰ ਨਗਰ ਪਿੰਡ ਢੁੱਡੀਆਂਵਾਲ (ਬਾਬਾ ਦੀਪ ਸਿੰਘ ਨਗਰ) ਵਲੋਂ ਥਾਣਾ ਕੋਤਵਾਲੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਹ ਦੋ ਭਰਾ ਹਨ। ਛੋਟਾ ਭਰਾ ਪ੍ਰਭਜੋਤ ਸਿੰਘ ਕਪੂਰਥਲਾ ਪੁਰਾਣੀ ਤਹਿਸੀਲ ਦੇ ਸਾਹਮਣੇ ਸੰਗਮ ਮਾਰਕੀਟ ਵਿੱਚ ਫਰੈਡਜ ਮੋਬਾਈਲ ਦੀ ਦੁਕਾਨ ’ਤੇ ਕੰਮ ਕਰਦਾ ਸੀ। ਉਸ ਦਾ ਭਰਾ ਰੋਜ਼ਾਨਾ ਦੀ ਤਰ੍ਹਾਂ ਦੁਕਾਨ ’ਤੇ ਕੰਮ ਕਰਨ ਆਇਆ ਸੀ। ਉਹ ਵੀ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ’ਤੇ ਸ਼ਹਿਰ ਆਇਆ ਸੀ ਅਤੇ ਆਪਣੇ ਭਰਾ ਦੀ ਦੁਕਾਨ ’ਤੇ ਚਲਾ ਗਿਆ ਸੀ। ਜਿੱਥੇ ਉਸ ਦੇ ਪਿੰਡ ਦਾ ਨੌਜਵਾਨ ਗੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਢੁੱਡੀਆਂਵਾਲ ਆਪਣੇ ਬੁਲੇਟ ਮੋਟਰਸਾਈਕਲ ’ਤੇ ਉਸ ਦੇ ਭਰਾ ਕੋਲ ਆਇਆ ਹੋਇਆ ਸੀ। ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਦੋਵੇਂ ਬੁਲੇਟ ਮੋਟਰਸਾਈਕਲ ’ਤੇ ਆਉਣ, ਉਹ ਸਦਰ ਥਾਣੇ ਨੇੜੇ ਉਨ੍ਹਾਂ ਦਾ ਇੰਤਜ਼ਾਰ ਕਰੇਗਾ।

ਉਸ ਦਾ ਭਰਾ ਪ੍ਰਭਜੋਤ ਸਿੰਘ ਪਿੰਡ ਦੇ ਦੋਸਤ ਗੁਰਜੀਤ ਸਿੰਘ ਦੇ ਬੁਲੇਟ ਮੋਟਰਸਾਈਕਲ ‘ਤੇ 7:40 ‘ਤੇ ਆ ਗਿਆ। ਬੁਲੇਟ ਮੋਟਰਸਾਈਕਲ ਨੂੰ ਉਸ ਦਾ ਭਰਾ ਚਲਾ ਰਿਹਾ ਸੀ ਜਦੋਂਕਿ ਗੁਰਜੀਤ ਸਿੰਘ ਪਿੱਛੇ ਬੈਠਾ ਸੀ। ਉਹ ਦੋਵੇਂ ਉਸ ਤੋਂ ਅੱਗੇ ਜਾ ਰਹੇ ਸਨ ਅਤੇ ਉਹ ਆਪਣੇ ਵੱਖਰੇ ਮੋਟਰਸਾਈਕਲ ‘ਤੇ ਉਨ੍ਹਾਂ ਦੇ ਪਿੱਛੇ ਜਾ ਰਿਹਾ ਸੀ। ਜਦੋਂ ਉਹ ਪਿੰਡ ਬਰਿੰਦਪੁਰ ਨੇੜੇ ਫਰਮਟਰੈੱਕ ਟਰੈਕਟਰ ਏਜੰਸੀ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆਰ.ਸੀ.ਐਫ. ਸਾਇਡ ਤੋਂ ਇਕ ਤੇਜ਼ ਰਫਤਾਰ ਕਾਰ ਟਰੱਕ ਨੂੰ ਓਵਰਟੇਕ ਕਰਦੇ ਆਈ ਅਤੇ ਗਲਤ ਸਾਈਡ ‘ਤੇ ਆ ਕੇ ਬੁਲਟ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਭਰਾ ਅਤੇ ਗੁਰਜੀਤ ਸਿੰਘ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਦਕਿ ਕਾਰ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਗਈ। ਉਸ ਨੇ ਤੁਰੰਤ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ।

ਹਾਦਸਾਗ੍ਰਸਤ ਵਾਹਨ

ਹਸਪਤਾਲ ਵਿਚ ਜਾਣ ਤੇ ਡਾਕਟਰ ਨੇ ਉਸ ਦੇ ਭਰਾ ਪ੍ਰਭਜੋਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੂਜੇ ਪਾਸੇ ਗੁਰਜੀਤ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਗਈ। ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਗੁਰਜੀਤ ਸਿੰਘ ਦੀ ਵੀ ਮੌਤ ਹੋ ਗਈ। ਦੂਜੇ ਪਾਸੇ ਥਾਣਾ ਕੋਤਵਾਲੀ ਦੇ ਏ.ਐਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਪ੍ਰਭਜੋਤ ਸਿੰਘ ਦੇ ਭਾਈ ਦੇ ਬਿਆਨਾਂ ‘ਤੇ ਕਾਰਵਾਈ ਕਰਦੇ ਹੋਏ ਦੋਸ਼ੀ ਕਾਰ ਡਰਾਈਵਰ ਖਿਲਾਫ ਆਈ.ਪੀ.ਸੀ. ਦੀਆਂ ਵੱਖੋ-ਵੱਖ ਧਾਰਾਵਾਂ ਦੇ ਤਹਿਤ ਮਾਮਲੇ ਨੂੰ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *