ਪੰਜਾਬ ਵਿਚ ਜ਼ਿਲਾ ਲੁਧਿਆਣਾ ‘ਚ ਖੰਨਾ ਦੇ ਸਮਰਾਲਾ ਰੋਡ ‘ਤੇ ਇਕ ਔਰਤ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਮਿਲੀ ਹੈ। ਇਹ ਘਟਨਾ ਪੰਜਾਬੀ ਬਾਗ ਦੀ ਦੱਸੀ ਜਾ ਰਹੀ ਹੈ। ਔਰਤ ਦਾ ਪਤੀ ਸਾਬਕਾ ਫੌਜੀ ਹੈ। ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਜਵਾਈ ਸੁਖਪਾਲ ਉਨ੍ਹਾਂ ਦੀ ਲੜਕੀ ਨਾਲ ਅਕਸਰ ਕੁੱਟਮਾਰ ਕਰਦਾ ਰਹਿੰਦਾ ਸੀ ਜਿਸ ਕਾਰਨ ਪਰਿਵਾਰ ਵਿੱਚ ਲੜਾਈ-ਝਗੜਾ ਚੱਲਦਾ ਰਹਿੰਦਾ ਸੀ। ਮਰਨ ਵਾਲੀ ਔਰਤ ਦੀ ਪਛਾਣ ਮਨਦੀਪ ਕੌਰ ਵਜੋਂ ਹੋਈ ਹੈ। ਮਨਦੀਪ ਕੌਰ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਬੇਟੀ ਮਨਦੀਪ ਦੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਟੀ ਦੀ ਹਾਲਤ ਵਿਗੜਦੀ ਦੇਖ ਉਹ ਖੁਦ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਲਜੀਤ ਸਿੰਘ ਨੇ ਦੱਸਿਆ ਕਿ ਕੋਈ ਦਿਨ ਅਜਿਹਾ ਨਹੀਂ ਸੀ ਜਦੋਂ ਉਸ ਦੇ ਜਵਾਈ ਨੇ ਉਸ ਦੀ ਧੀ ਦੀ ਕੁੱਟਮਾਰ ਨਾ ਕੀਤੀ ਹੋਵੇ। ਧੀ ਕਈ ਵਾਰ ਦੱਸਦੀ ਸੀ ਕਿ ਪਤੀ ਝਗੜਾ ਕਰਦਾ ਹੈ ਪਰ ਕਈ ਵਾਰ ਉਹ ਗੱਲ ਨੂੰ ਦਬਾ ਲੈਂਦੀ ਸੀ।
ਦਿਮਾਗ਼ ਦੀ ਨਸ ਫਟੀ
ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਧੀ ਦੀ ਕੁੱਟਮਾਰ ਕੀਤੀ ਗਈ। ਬੇਟੀ ਦੇ ਦਿਮਾਗ ‘ਤੇ ਸੱਟ ਲੱਗੀ ਸੀ, ਜਿਸ ਕਾਰਨ ਉਸ ਦੇ ਦਿਮਾਗ ਦੀ ਨਾੜ ਫਟ ਗਈ। ਜਵਾਈ ਝੂਠ ਬੋਲਦਾ ਰਿਹਾ ਕਿ ਕੰਮ ਕਰਦਿਆਂ ਸੱਟ ਲੱਗੀ ਹੈ। ਜਵਾਈ ਨੇ ਉਸ ਨੂੰ ਦਵਾਈ ਵੀ ਨਹੀਂ ਦੁਆਈ। ਧੀ ਮਨਦੀਪ ਦੇ ਵਿਆਹ ਨੂੰ 11 ਸਾਲ ਹੋ ਚੁੱਕੇ ਸਨ। ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਦੋ ਬੱਚਿਆਂ ਤੋਂ ਖੋਹਿਆ ਮਾਂ ਦਾ ਛਾਇਆ
ਮਨਦੀਪ ਕੌਰ ਦੇ ਭਰਾ ਜਗਦੀਪ ਸਿੰਘ ਨੇ ਦੱਸਿਆ ਕਿ ਕਈ ਵਾਰ ਜੀਜਾ ਸੁਖਪਾਲ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਸੀ। ਉਸ ਨੇ ਕਈ ਵਾਰ ਤਲਾਕ ਦੀ ਧਮਕੀ ਦਿੱਤੀ। ਮਨਦੀਪ ਦੇ ਦੋ ਬੱਚੇ ਹਨ। ਜਿਨ੍ਹਾਂ ਵਿਚ ਬੇਟੀ ਦੀ ਉਮਰ 9 ਸਾਲ ਅਤੇ ਬੇਟਾ 5 ਸਾਲ ਦਾ ਹੈ। ਇਸ ਸਮੇਂ ਸੁਖਪਾਲ ਇੱਕ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ।
ਦੀਵਾਲੀ ਤੇ ਮਿਲਣ ਗਿਆ ਸੀ ਭਰਾ
ਜਗਦੀਪ ਨੇ ਦੱਸਿਆ ਕਿ ਦੀਵਾਲੀ ਮੌਕੇ ਜਦੋਂ ਉਹ ਆਪਣੀ ਭੈਣ ਨੂੰ ਮਿਲਣ ਗਿਆ ਤਾਂ ਉਹ ਮੰਜੇ ‘ਤੇ ਲੇਟੀ ਹੋਈ ਸੀ। ਉਸ ਨੇ ਜੀਜਾ ਸੁਖਪਾਲ ਨੂੰ ਪੁੱਛਿਆ ਕਿ ਭੈਣ ਦੀ ਤਬੀਅਤ ਨੂੰ ਕੀ ਹੋਇਆ ਹੈ ਤਾਂ ਜੀਜਾ ਨੇ ਕਿਹਾ ਕਿ ਉਸ ਨੇ ਦੀਵਾਲੀ ਦਾ ਜ਼ਿਆਦਾ ਕੰਮ ਕਰ ਲਿਆ ਹੈ ਜਿਸ ਕਾਰਨ ਉਸ ਦੇ ਸੈੱਲ ਘਟੇ ਹੋਏ ਹਨ।
ਭੈਣ ਦੀ ਓਸਵਾਲ ਹਸਪਤਾਲ ਵਿੱਚ ਹੋਈ ਮੌਤ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਵਾਈ ਸੁਖਪਾਲ ਮਨਦੀਪ ਨੂੰ ਫੋਰਟਿਸ ਹਸਪਤਾਲ ਤੋਂ ਡਾਕਟਰਾਂ ਦੀ ਸਹਿਮਤੀ ਤੋਂ ਬਿਨਾਂ ਓਸਵਾਲ ਹਸਪਤਾਲ ਲੈ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਵਾਈ ਸੁਖਪਾਲ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਖੰਨਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਪੁਲਿਸ ਮੁਤਾਬਕ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕਰੀ ਜਾਵੇਗੀ।