ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖਿਆ ਹਰ ਕਿਸੇ ਦੀ ਜਿੰਦਗੀ ਵਿੱਚ ਬਹੁਤ ਲਾਭਦਾਇਕ ਹੈ। ਸਿੱਖਿਆ ਉਹ ਹੈ ਜੋ ਸਾਨੂੰ ਧਰਤੀ ਦੇ ਬਾਕੀ ਜੀਵਾਂ ਨਾਲੋਂ ਵੱਖਰਾ ਕਰਦੀ ਹੈ। ਚੰਗੀ ਸਿੱਖਿਆ ਨਾਲ ਹੀ ਵਿਅਕਤੀ ਆਪਣੇ ਜੀਵਨ ਦੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਸੌਖੀ ਤਰ੍ਹਾਂ ਕਰ ਸਕਦਾ ਹੈ। ਸਿੱਖਿਆ ਰਾਹੀਂ ਹੀ ਅਸੀਂ ਆਪਣੇ ਸੁਪਨਿਆਂ ਨੂੰ ਪੂਰੇ ਕਰ ਸਕਦੇ ਹਾਂ। ਸਿੱਖਿਆ ਤੋਂ ਬਿਨਾਂ ਅਸੀਂ ਕੁਝ ਹਾਸਲ ਨਹੀਂ ਕਰ ਸਕਦੇ। ਇਸ ਲਈ ਤੁਹਾਡੇ ਲਈ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਪਰ ਅੱਜਕੱਲ੍ਹ ਦੇ ਯੁੱਗ ਵਿੱਚ ਦੇਖਿਆ ਗਿਆ ਹੈ ਕਿ ਚੰਗੀ ਸਿੱਖਿਆ ਪ੍ਰਾਪਤ ਕਰਨਾ ਔਖਾ ਹੀ ਨਹੀਂ ਸਗੋਂ ਮਹਿੰਗਾ ਵੀ ਹੋ ਗਿਆ ਹੈ।
ਅੱਜਕੱਲ੍ਹ ਸਕੂਲ ਬਹੁਤ ਮਹਿੰਗੇ ਹੋ ਗਏ ਹਨ। ਮਾਪਿਆਂ ਨੂੰ ਆਪਣੇ ਬੱਚਿਆਂ ਦੀ ਚੰਗੀ ਸਿੱਖਿਆ ਲਈ ਕਾਫੀ ਵੱਡੀ ਰਕਮ ਖਰਚਣੀ ਪੈਂਦੀ ਹੈ। ਅਜਿਹੀ ਸਥਿਤੀ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਪਰ ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਕਿਸੇ ਵੀ ਕੀਮਤ ਤੇ ਚੰਗੀ ਸਿੱਖਿਆ ਪ੍ਰਾਪਤ ਕਰਕੇ ਭਵਿੱਖ ਵਿਚ ਕੁਝ ਬਣਨ ਦਾ ਸੁਪਨਾ ਦੇਖਦੇ ਹਨ। ਇਸ ਲਈ ਭਾਵੇਂ ਉਨ੍ਹਾਂ ਨੂੰ ਕੋਈ ਵੀ ਕੰਮ ਕਰਨਾ ਪਵੇ। ਇਸ ਤਰ੍ਹਾਂ ਹੀ ਕੇਰਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦ੍ਰਿੜ ਹੈ ਅਤੇ ਹਰ ਰੋਜ਼ ਸਖ਼ਤ ਮਿਹਨਤ ਕਰ ਰਹੀ ਹੈ।
ਦਰਅਸਲ, ਕੇਰਲ ਦੇ ਚੇਰਥਲਾ ਦੀ ਰਹਿਣ ਵਾਲੀ ਵਿਨੀਸ਼ਾ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਉਹ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। 12ਵੀਂ ਦੀ ਵਿਦਿਆਰਥਣ ਕਲਾਸ ਖਤਮ ਹੋਣ ਤੋਂ ਬਾਅਦ ਆਪਣੇ ਹੀ ਸਕੂਲ ਦੇ ਬਾਹਰ ਮੂੰਗਫਲੀ ਵੇਚਦੀ ਹੈ।
ਸਕੂਲ ਟਾਈਮ ਖਤਮ ਹੋਣ ਤੋਂ ਬਾਅਦ ਮੂੰਗਫਲੀ ਵੇਚਦੀ ਹੈ ਵਿਦਿਆਰਥਣ
ਬਾਰਵੀਂ ਦੀ ਵਿਦਿਆਰਥਣ ਵਿਨੀਸ਼ਾ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਲਈ ਸਕੂਲ ਟਾਈਮ ਖਤਮ ਹੋਣ ਤੋਂ ਬਾਅਦ ਆਪਣੇ ਹੀ ਸਕੂਲ ਦੇ ਬਾਹਰ ਮੂੰਗਫਲੀ ਵੇਚਣ ਦਾ ਕੰਮ ਕਰਦੀ ਹੈ। ਵਿਨੀਸ਼ਾ ਸਕੂਲ ਤੋਂ ਬਾਅਦ ਆਪਣੀ ਮੂੰਗਫਲੀ ਦੀ ਗੱਡੀ ਲੈ ਕੇ ਜਾਂਦੀ ਹੈ ਅਤੇ ਰਾਤ 8 ਵਜੇ ਤੱਕ ਮੂੰਗਫਲੀ ਵੇਚਦੀ ਹੈ। ਉਹ ਇੱਕ ਗਰਮ ਤਵੇ ‘ਤੇ ਲੂਣ ਵਿੱਚ ਮੂੰਗਫਲੀ ਰਿੜਕਦੀ ਹੈ ਅਤੇ ਆਪਣੀ ਗਰਮ ਭੁੰਨੀ ਹੋਈ ਮੂੰਗਫਲੀ ਨਾਲ ਗਾਹਕਾਂ ਨੂੰ ਆਕਰਸ਼ਿਤ ਕਰਦੀ ਹੈ।
ਜਦੋਂ ਵਿਨੀਸ਼ਾ ਦੀ ਭੈਣ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਪਰਿਵਾਰ ਬਹੁਤ ਕਰਜ਼ੇ ਵਿੱਚ ਆ ਗਿਆ ਸੀ। ਜਿਸ ਤੋਂ ਬਾਅਦ ਵਿਨੀਸ਼ਾ ਨੇ ਮੂੰਗਫਲੀ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਵਿਨੀਸ਼ਾ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਉਸਦਾ ਪਿਤਾ ਇੱਕ ਮਜ਼ਦੂਰ ਹੈ ਅਤੇ ਉਸਦੀ ਮਾਂ ਵੀ ਮੂੰਗਫਲੀ ਵੇਚਣ ਦਾ ਕੰਮ ਕਰਦੀ ਹੈ। ਵਿਨੀਸ਼ਾ ਦੀ ਮਾਂ ਘੰਟਿਆਂ ਤੱਕ ਖੜ੍ਹ ਕੇ ਮੂੰਗਫਲੀ ਵੇਚਦੀ ਸੀ, ਜਿਸ ਕਾਰਨ ਉਸ ਦੇ ਪੈਰ ਦਰਦ ਕਰਨ ਲੱਗਦੇ ਸਨ, ਜਿਸ ਕਾਰਨ ਵਿਨੀਸ਼ਾ ਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਅੱਗੇ ਆ ਕੇ ਮੂੰਗਫਲੀ ਵੇਚਣ ਦਾ ਫੈਸਲਾ ਕੀਤਾ।
ਪਿਛਲੇ 4 ਸਾਲਾਂ ਤੋਂ ਮਾਪਿਆਂ ਦੀ ਕਰ ਰਹੀ ਹੈ ਮਦਦ
ਵਿਨੀਸ਼ਾ ਦਾ ਕਹਿਣਾ ਹੈ ਕਿ ਉਹ ਪਿਛਲੇ 4 ਸਾਲਾਂ ਤੋਂ ਮੂੰਗਫਲੀ ਵੇਚ ਕੇ ਆਪਣੇ ਮਾਪਿਆਂ ਦੀ ਮਦਦ ਕਰ ਰਹੀ ਹੈ। ਵੀਡੀਓ ਨੂੰ ਏਸ਼ੀਅਨੇਟ ਦੁਆਰਾ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਵਿਨੀਸ਼ਾ ਦੱਸਦੀ ਹੈ ਕਿ ਉਹ ਸ਼ਾਮ 4:30 ਵਜੇ ਕੰਮ ਸ਼ੁਰੂ ਕਰਦੀ ਹੈ ਅਤੇ ਰਾਤ 8:00 ਵਜੇ ਕੰਮ ਖਤਮ ਹੁੰਦਾ ਹੈ। ਮੂੰਗਫਲੀ ਵੇਚਣ ਤੋਂ ਬਾਅਦ ਉਹ ਘਰ ਜਾ ਕੇ ਆਪਣੀ ਪੜ੍ਹਾਈ ਕਰਦੀ ਹੈ। ਵਿਨੀਸ਼ਾ ਦਾ ਕਹਿਣਾ ਹੈ ਕਿ ਲੋਕ ਉਸ ਦਾ ਮਜ਼ਾਕ ਵੀ ਉਡਾਉਂਦੇ ਹਨ। ਉਸ ਤੇ ਤੰਜ ਵੀ ਕਸਦੇ ਹਨ ਪਰ ਉਹ ਨਜ਼ਰਅੰਦਾਜ਼ ਕਰ ਦਿੰਦੀ ਹੈ ਅਤੇ ਆਪਣੇ ਰਸਤੇ ‘ਤੇ ਚਲਦੀ ਰਹਿੰਦੀ ਹੈ।