ਕਰਨਾਟਕ ਦੇ ਚਿੱਤਰਦੁਰਗਾ ਵਿੱਚ ਇੱਕ ਅਜੀਬ ਤਰ੍ਹਾਂ ਦੀ ਘਟਨਾ ਵਾਪਰੀ ਹੈ। ਦਰਅਸਲ, ਇਥੋਂ ਦਾ ਇੱਕ 12 ਸਾਲ ਦਾ ਬੱਚਾ ਸਕੂਲ ਵਿੱਚ ਇੱਕ ਸਮਾਗਮ ਲਈ ਆਪਣੇ ਘਰ ਵਿੱਚ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਫਾਂਸੀ ਦੇ ਦ੍ਰਿਸ਼ ਦੀ ਰਹਿਸਲ ਕਰ ਰਿਹਾ ਸੀ। ਇਸ ਦੌਰਾਨ ਬੱਚੇ ਦੇ ਗਲੇ ਵਿਚ ਰੱਸੀ ਫਸ ਗਈ ਅਤੇ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਰਿਵਾਰ ਵਾਲਿਆਂ ਵਿਚ ਸੋਗ ਛਾ ਗਿਆ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਇਸ ਮਾਮਲੇ ਸਬੰਧੀ ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਸੰਜੇ ਗੌੜਾ ਘਰ ‘ਚ ਇਕੱਲਾ ਸੀ। ਉਸ ਦੇ ਮਾਤਾ-ਪਿਤਾ ਨਾਗਰਾਜ ਅਤੇ ਭਾਗਿਆ ਲਕਸ਼ਮੀ ਸ਼ਹਿਰ ਦੇ ਕੇਲਾਗੋਟ ਬਡਾਵਨੇ ਇਲਾਕੇ ਵਿੱਚ ਇੱਕ ਰੈਸਟੋਰੈਂਟ ਚਲਾਉਂਦੇ ਹਨ। ਸਬ-ਇੰਸਪੈਕਟਰ ਕੇਆਰ ਗੀਤੰਮਾ ਨੇ ਦੱਸਿਆ ਹੈ ਕਿ 7ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਨਾਲ ਹੋਈ ਇਸ ਘਟਨਾ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਰਾਤ ਕਰੀਬ 9 ਵਜੇ ਉਸ ਦੀ ਮਾਂ ਰੈਸਟੋਰੈਂਟ ਤੋਂ ਵਾਪਸ ਆਈ। ਜਦੋਂ ਬੱਚੇ ਦੀ ਮਾਂ ਨੇ ਘਰ ਅੰਦਰੋਂ ਬੰਦ ਦੇਖਿਆ ਤਾਂ ਉਹ ਅਤੇ ਉਸ ਦੇ ਗੁਆਂਢੀ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ। ਪਰ ਦਰਵਾਜ਼ਾ ਨਹੀਂ ਖੁੱਲ੍ਹਿਆ।
ਇਸ ਤੋਂ ਬਾਅਦ ਗੁਆਂਢੀਆਂ ਨੇ ਖਿੜਕੀ ਤੋਂ ਦੇਖਿਆ ਕਿ 12 ਸਾਲਾ ਸੰਜੇ ਪੱਖੇ ਨਾਲ ਲਟਕ ਰਿਹਾ ਸੀ। ਇਸ ਤੋਂ ਬਾਅਦ ਬੱਚੇ ਦੀ ਮਾਂ ਭਾਗਿਆ ਲਕਸ਼ਮੀ ਨੇ ਜਲਦੀ ਵਿਚ ਆਪਣੇ ਪਤੀ ਨਾਗਰਾਜ ਨੂੰ ਫੂਨ ਕਰਕੇ ਬੁਲਾਇਆ ਤਾਂ ਉਸ ਨੇ ਕਾਫੀ ਕੋਸ਼ਿਸ਼ ਤੋਂ ਬਾਅਦ ਦਰਵਾਜ਼ਾ ਖੋਲ੍ਹਿਆ। ਫਿਰ ਬੱਚੇ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਸੰਜੇ ਨੇ ਰੱਸੀ ਨਾਲ ਫਾਹਾ ਬਣਾ ਕੇ ਭਗਤ ਸਿੰਘ ਨੂੰ ਫਾਂਸੀ ਦੇਣ ਦੇ ਸੀਨ ਦੀ ਰਹਿਸਲ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਸ਼ਾਇਦ ਆਪਣਾ ਸਿਰ ਰੱਸੀ ਵਿੱਚ ਫਸਾਇਆ ਅਤੇ ਬਿਸਤਰੇ ਤੋਂ ਛਾਲ ਮਾਰ ਦਿੱਤੀ। ਇਸ ਤਰ੍ਹਾਂ ਉਸਦੀ ਮੌਤ ਮੌਤ ਹੋ ਗਈ। ਸੰਜੇ ਦੇ ਪਿਤਾ ਨਾਗਰਾਜ ਨੇ ਦੱਸਿਆ ਕਿ ਸੰਜੇ ਨੇ ਮੰਗਲਵਾਰ ਨੂੰ ਰਾਜ ਪੱਧਰੀ ਸਮਾਗਮ ਵਿੱਚ ਇੱਕ ਨਾਟਕ ਵਿੱਚ ਹਿੱਸਾ ਲੈਣਾ ਸੀ। ਸਕੂਲ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਉਹ ਭਗਤ ਸਿੰਘ ਦੀ ਭੂਮਿਕਾ ਨਿਭਾਉਣ ਜਾ ਰਿਹਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ। ਇਹ ਇੱਕ ਦਰਦਨਾਕ ਘਟਨਾ ਹੈ।