ਪੈਟਰੋਲ ਪੰਪ ਦੀ ਹਿੱਸੇਦਾਰੀ ਨੂੰ ਲੈ ਕੇ ਹਿੱਸੇਦਾਰਾਂ ਵਿਚ ਝਗੜਾ, ਧਾਰ ਗਿਆ ਦਰਦਨਾਕ ਜਾਨਲੇਵਾ ਰੂਪ, ਜਾਂਂਚ ਪੜਤਾਲ ਜਾਰੀ

Punjab

ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਦੀਪ ਮੰਡੀ ਤੋਂ ਦਸਮੇਸ਼ ਨਗਰ ਨੂੰ ਜਾਂਦੀ ਸੜਕ ਉਤੇ ਸਥਿਤ ਇੱਕ ਪੈਟਰੋਲ ਪੰਪ ਦੀ ਹਿੱਸੇਦਾਰੀ ਨੂੰ ਲੈ ਕੇ ਐਤਵਾਰ ਦੇਰ ਸ਼ਾਮ ਦੋ ਸਾਥੀਆਂ ਦੇ ਵਿਚਕਾਰ ਲੜਾਈ ਹੋ ਗਈ। ਇਸ ਲੜਾਈ ਵਿੱਚ ਇਕ ਸਾਥੀ ਦੀ ਮੌਤ ਹੋ ਗਈ ਜਦਕਿ ਦੂਜਾ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਦਰਅਸਲ ਇਸ ਪੈਟਰੋਲ ਪੰਪ ਦੇ ਤਿੰਨ ਸਾਥੀ ਸਨ। ਦੋ ਸਾਥੀ ਵਿਕਰਮਜੀਤ ਸਿੰਘ ਅਤੇ ਦਿਲਰਾਜ ਸਿੰਘ ਪੈਟਰੋਲ ਪੰਪ ਦੀ ਨਿਗਰਾਨੀ ਕਰਦੇ ਸਨ। ਤੀਜੇ ਸਾਥੀ ਦਾ ਲੜਕਾ ਜੁਗਰਾਜ ਸਿੰਘ ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਉਹ ਐਤਵਾਰ ਦੇਰ ਸ਼ਾਮ ਪੈਟਰੋਲ ਪੰਪ ‘ਤੇ ਪਹੁੰਚਿਆ। ਉਥੇ ਪੈਟਰੋਲ ਪੰਪ ਦੇ ਹਿੱਸੇ ਨੂੰ ਲੈ ਕੇ ਉਸ ਦਾ ਆਪਣੇ ਹੋਰ ਸਾਥੀਆਂ ਵਿਕਰਮਜੀਤ ਅਤੇ ਦਿਲਰਾਜ ਨਾਲ ਝਗੜਾ ਹੋ ਗਿਆ।

ਇਸ ਦੌਰਾਨ ਉਸ ਨੇ ਵਿਕਰਮਜੀਤ ਅਤੇ ਦਿਲਰਾਜ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਜੰਡਿਆਲਾ ਗੁਰੂ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਵਿਕਰਮਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਦਿਲਰਾਜ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਜੁਗਰਾਜ ਮੌਕੇ ਤੋਂ ਫ਼ਰਾਰ ਹੋ ਗਿਆ।

ਇਸ ਮਾਮਲੇ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਕ ਮਹਿਲਾ ਸਮੇਤ ਤਿੰਨ ਲੋਕਾਂ ਤੇ ਹੱਤਿਆ ਦੀ ਕੋਸ਼ਿਸ਼ ਅਤੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਲੇਕਿਨ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਨੇ ਕੁਲਵਿੰਦਰ, ਉਸ ਦੇ ਲੜਕੇ ਜੁਗਰਾਜ ਅਤੇ ਪੁੱਤਰੀ ਰਾਜਬੀਰ ਖ਼ਿਲਾਫ਼ ਆਈਪੀਸੀ ਦੀ ਧਾਰਾ 302, 307 ਅਤੇ 120ਬੀ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 564 ਅਤੇ 59 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *