ਦੋ ਸਕੇ ਭਰਾ ਲਾਪਤਾ, ਪਰਿਵਾਰ 4 ਦਿਨਾਂ ਤੋਂ ਲੱਭ ਰਿਹਾ, ਹੁਣ ਪੁਲਸ ਤੋਂ ਮਦਦ ਦੀ ਲਾਈ ਗੁਹਾਰ

Punjab

ਪੰਜਾਬ ਦੇ ਮੋਹਾਲੀ ਤੋਂ ਦੋ ਨਾਬਾਲਗ ਜੁਆਕ ਲਾਪਤਾ ਹੋ ਗਏ ਹਨ। ਦੋਵੇਂ ਬੱਚੇ ਸਕੇ ਭਰਾ ਹਨ। ਮੁਹਾਲੀ ਦੇ ਪਿੰਡ ਬੱਲੋਮਾਜਰਾ ਦੇ ਰਹਿਣ ਵਾਲੇ ਦੋਵੇਂ ਬੱਚੇ ਚਾਰ ਦਿਨਾਂ ਤੋਂ ਲਾਪਤਾ ਹਨ। ਲਾਪਤਾ ਹੋਏ ਨਾਬਾਲਗਾਂ ਵਿੱਚੋਂ ਇੱਕ ਅਰਵਿੰਦ ਅਤੇ ਦੂਜਾ ਹਿਮਾਂਸ਼ੂ ਹੈ। ਅਰਵਿੰਦਰ ਦੀ ਉਮਰ 12 ਸਾਲ ਅਤੇ ਹਿਮਾਂਸ਼ੂ ਦੀ ਉਮਰ 9 ਸਾਲ ਦੀ ਹੈ। ਇਨ੍ਹਾਂ ਬੱਚਿਆਂ ਦੇ ਲਾਪਤਾ ਹੋਣ ਕਾਰਨ ਪਰਿਵਾਰਕ ਮੈਂਬਰ ਚਿੰਤਾ ਵਿਚ ਹਨ ਅਤੇ ਪੁਲੀਸ ਨੂੰ ਬੱਚਿਆਂ ਦੀ ਭਾਲ ਲਈ ਅਪੀਲ ਕਰ ਰਹੇ ਹਨ।

ਲਾਪਤਾ ਭਰਾਵਾਂ ਦੀ ਤਸਵੀਰ

ਇਸ ਮਾਮਲੇ ਸਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਦੋਵੇਂ ਬੱਚੇ ਘਰ ਤੋਂ ਸਾਈਕਲ ‘ਤੇ ਪਾਰਕ ਵਿਚ ਖੇਡਣ ਲਈ ਗਏ ਸਨ ਪਰ ਉਸ ਤੋਂ ਬਾਅਦ ਦੋਵੇਂ ਘਰ ਵਾਪਸ ਨਹੀਂ ਆਏ। ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਲਾਪਤਾ ਦੋਵਾਂ ਭਰਾਵਾਂ ਦਾ ਕੋਈ ਸੁਰਾਗ ਨਹੀਂ ਲੱਭਿਆ ਹੈ। ਪਰਿਵਾਰ ਨੇ ਆਪਣੇ ਤੌਰ ‘ਤੇ ਬੱਚਿਆਂ ਦੀ ਹਰ ਜਗ੍ਹਾ ਤੇ ਭਾਲ ਕੀਤੀ ਪਰ ਕਿਤੇ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਦੇ ਨਾਲ ਹੀ ਬੱਚਿਆਂ ਦੀ ਮਾਂ ਨੇ ਬਲੌਂਗੀ ਥਾਣੇ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਈ ਹੈ। ਪੁਲੀਸ ਨੇ ਦੋਵੇਂ ਲਾਪਤਾ ਬੱਚਿਆਂ ਦੀ ਰਿਪੋਰਟ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਐਸਐਚਓ ਬਲੌਂਗੀ ਪ੍ਰੀਵਿੰਕਲ ਗਰੇਵਾਲ ਨੇ ਦੱਸਿਆ ਹੈ ਕਿ ਲਾਪਤਾ ਬੱਚਿਆਂ ਦੇ ਪਰਿਵਾਰ ਨੂੰ ਕੋਈ ਫਿਰੌਤੀ ਜਾਂ ਉਨ੍ਹਾਂ ਨੂੰ ਧਮਕਾਉਣ ਦੀ ਕੋਈ ਕਾਲ ਨਹੀਂ ਆਈ। ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਬੱਚੇ ਅਗਵਾ ਨਹੀਂ ਹੋਏ ਸਗੋਂ ਉਹ ਖੁਦ ਕਿਤੇ ਚਲੇ ਗਏ ਹਨ।

ਇਸ ਦੇ ਨਾਲ ਹੀ ਪੁਲਸ ਨੇ ਦੱਸਿਆ ਹੈ ਕਿ ਲਾਪਤਾ ਬੱਚਿਆਂ ਦੀ ਮਾਂ ਮੁਤਾਬਕ ਉਨ੍ਹਾਂ ਦਾ ਵੱਡਾ ਬੇਟਾ ਅਰਵਿੰਦਰ ਪਹਿਲਾਂ ਘਰੋਂ ਚਲਾ ਗਿਆ ਸੀ ਅਤੇ ਪੰਜ ਦਿਨ ਬਾਅਦ ਵਾਪਸ ਆਇਆ ਸੀ। ਇਸ ਵਾਰ ਉਹ ਆਪਣੇ ਛੋਟੇ ਭਰਾ ਨੂੰ ਵੀ ਸਾਈਕਲ ਤੇ ਨਾਲ ਲੈ ਗਿਆ ਹੈ ਅਤੇ ਘਰੋਂ 8 ਤੋਂ 10 ਹਜ਼ਾਰ ਰੁਪਏ ਵੀ ਲੈ ਗਿਆ ਹੈ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲੀਸ ਨੇ ਦੋਵੇਂ ਲਾਪਤਾ ਬੱਚਿਆਂ ਦੀਆਂ ਫੋਟੋਆਂ ਸਾਰੇ ਥਾਣਿਆਂ ਨੂੰ ਭੇਜ ਦਿੱਤੀਆਂ ਹਨ। ਇਸ ਦੇ ਨਾਲ ਹੀ ਪੀਸੀਆਰ ਪਾਰਟੀ ਨੂੰ ਵੀ ਸੰਦੇਸ਼ ਫਲੈਸ਼ ਕੀਤਾ ਗਿਆ ਹੈ। ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *