ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਧੂਰੀ ਨੇੜਲੇ ਪਿੰਡ ਕਾਂਝਲਾ ਦੇ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਾਂਝਲਾ ਵਾਸੀ ਨੌਜਵਾਨ ਜਸਮੀਤ ਸਿੰਘ ਉਮਰ 34 ਸਾਲ ਪੁੱਤਰ ਸਵ. ਜਸਪਾਲ ਸਿੰਘ ਨੇ ਬੁੱਧਵਾਰ ਸਵੇਰੇ ਫਾਹਾ ਲੈ ਕੇ ਆਪਣੀ ਜਿੰਦਗੀ ਨੂੰ ਖਤਮ ਕਰ ਲਿਆ ਹੈ।
ਮ੍ਰਿਤਕ ਦੇ ਤਾਇਆ ਦੇ ਲੜਕੇ ਇਕਬਾਲ ਸਿੰਘ ਦੇ ਅਨੁਸਾਰ ਜਸਮੀਤ ਸਿੰਘ ਸਾਲ 2019 ਵਿਚ ਆਪਣੀ ਪਤਨੀ ਨਾਲ ਵਿਆਹ ਤੋਂ ਬਾਅਦ ਵਿਜ਼ਟਰ ਵੀਜੇ ਤੇ ਆਸਟ੍ਰੇਲੀਆ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਦਾ ਸਟੱਡੀ ਵੀਜ਼ਾ ਲਗਵਾ ਦਿੱਤਾ, ਜਿੱਥੇ ਉਸ ਨੇ ਸਾਰੇ ਪੈਸੇ ਖੁਦ ਖਰਚ ਕੇ ਆਪਣੀ ਪਤਨੀ ਦਾ ਸਟੱਡੀ ਵੀਜ਼ਾ ਲਗਵਾਇਆ। ਉੱਥੇ ਹੀ ਉਸ ਵੱਲੋਂ ਪਤਨੀ ਦੇ ਖਾਤੇ ਵਿੱਚ ਵੀ ਲੱਖਾਂ ਰੁਪਏ ਭੇਜੇ ਗਏ। ਆਪਣੀ ਪਤਨੀ ਦਾ ਸਟੱਡੀ ਵੀਜ਼ਾ ਲਗਵਾਉਣ ਤੋਂ ਕਰੀਬ ਇੱਕ ਮਹੀਨੇ ਬਾਅਦ ਉਹ ਵਾਪਸ ਆਪਣੇ ਪਿੰਡ ਆ ਗਿਆ ਅਤੇ ਪੀ.ਏ.ਡੀ.ਬੀ. ਬੈਂਕ ਦੀ ਸੰਗਰੂਰ ਸ਼ਾਖਾ ਵਿੱਚ ਨੌਕਰੀ ਤੇ ਲੱਗ ਗਿਆ। ਉਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਜਸਮੀਤ ਨੂੰ ਉਸ ਦੀ ਪਤਨੀ ਨੇ ਉਸ ਨੂੰ ਵਿਦੇਸ਼ ਬੁਲਾਉਣ ਦੀ ਗੱਲ ਆਖੀ ਸੀ ਅਤੇ ਫਿਰ ਜਸਮੀਤ ਵੀ ਸਤੰਬਰ ਮਹੀਨੇ ਨੌਕਰੀ ਤੋਂ ਅਸਤੀਫਾ ਦੇ ਕੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ।
ਪਰ ਕੁਝ ਦਿਨ ਪਹਿਲਾਂ ਉਸ ਦੀ ਪਤਨੀ ਵਲੋਂ ਉਸ ਨੂੰ ਵਿਦੇਸ਼ ਵਿਚ ਆਪਣੇ ਕੋਲ ਬੁਲਾਉਣ ਦੀ ਬਜਾਏ ਤਲਾਕ ਦੇ ਕਾਗਜ਼ ਭੇਜਣ ਅਤੇ ਖਾਤੇ ‘ਚੋਂ ਸਾਰੇ ਪੈਸੇ ਕਢਵਾਉਣ ਦਾ ਸੁਨੇਹਾ ਮਿਲਣ ਤੋਂ ਬਾਅਦ ਉਹ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਰਹਿਣ ਲੱਗਿਆ। ਇਸ ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਅੱਜ ਖੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਸਦਰ ਧੂਰੀ ਦੇ ਮੁਖੀ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਨੂੰ ਕੀਤਾ ਜਾ ਰਿਹਾ ਹੈ।