ਮਨੀਲਾ ਵਿਚ ਰਹਿਣ ਵਾਲੇ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜੀਰਾ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮ੍ਰਿਤਕ ਨੌਜਵਾਨ ਜਿਸ ਦਾ ਨਾਮ ਸੁਖਚੈਨ ਸਿੰਘ ਹੈ ਜੋ ਜ਼ੀਰਾ ਦੇ ਜੌਹਲ ਨਗਰ ਦਾ ਰਹਿਣ ਵਾਲਾ ਸੀ। ਇਹ ਨੌਜਵਾਨ ਕਰੀਬ 4 ਸਾਲ ਕੁ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਮਨੀਲਾ ਗਿਆ ਸੀ।
ਸੁਖਚੈਨ ਸਿੰਘ ਨੂੰ ਬੀਤੀ ਰਾਤ ਕੁਝ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਚੈਨ ਸਿੰਘ ਦੇ ਪਿਤਾ ਗੁਰਜੰਟ ਸਿੰਘ ਅਤੇ ਭਰਾ ਗੁਰਪ੍ਰੀਤ ਸਿੰਘ ਉਰਫ਼ ਗੋਰਾ ਵਾਸੀ ਜੌਹਲ ਨਗਰ ਜ਼ੀਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸੁਖਚੈਨ ਸਿੰਘ ਨਾਲ ਫ਼ੋਨ ‘ਤੇ ਗੱਲ ਹੋਈ ਸੀ, ਜਿਸ ਨੇ ਦੱਸਿਆ ਕਿ ਉਹ ਇੱਥੇ ਬਿਲਕੁਲ ਠੀਕ ਠਾਕ ਹੈ।
ਸੁਖਚੈਨ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਵਾਸੀ ਜੌਹਲ ਨਗਰ ਜੀਰਾ ਨੇ ਦੱਸਿਆ ਕਿ ਸਾਢੇ ਚਾਰ ਸਾਲ ਪਹਿਲਾਂ ਉਸ ਦਾ ਭਰਾ ਸੁਖਚੈਨ ਸਿੰਘ ਪੜ੍ਹਾਈ ਲਈ ਮਨੀਲਾ ਗਿਆ ਸੀ। ਉੱਥੇ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਫਾਈਨਾਂਸ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਆਪਣੇ ਭਰਾ ਨਾਲ ਗੱਲਬਾਤ ਹੋਈ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਇੱਥੇ ਠੀਕ ਹੈ ਅਤੇ ਮਨੀਲਾ ਵਿੱਚ ਪੱਕੇ ਨਾਗਰਿਕ ਬਣਨ ਲਈ ਫਾਈਲ ਲਾਈ ਹੋਈ ਹੈ।
ਬੁੱਧਵਾਰ ਰਾਤ ਨੂੰ ਉਨ੍ਹਾਂ ਨੂੰ ਮਨੀਲਾ ਤੋਂ ਸੁਖਚੈਨ ਸਿੰਘ ਦੇ ਦੋਸਤ ਦਾ ਫੋਨ ਆਇਆ ਕਿ ਸੁਖਚੈਨ ਸਿੰਘ ਦੰਦ ਵਿੱਚ ਦਰਦ ਹੋਣ ਕਾਰਨ ਡਾਕਟਰ ਤੋਂ ਚੈੱਕਅਪ ਕਰਵਾ ਕੇ ਪੈਦਲ ਘਰ ਆ ਰਿਹਾ ਸੀ। ਰਸਤੇ ਵਿਚ ਬਦਮਾਸ਼ਾਂ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਸੁਖਚੈਨ ਸਿੰਘ ਦੀ ਛਾਤੀ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ। ਪੀੜਤ ਦੇ ਪਿਤਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਲਾਸ਼ ਨੂੰ ਮਨੀਲਾ ਤੋਂ ਭਾਰਤ ਲਿਆਂਦਾ ਜਾਵੇ।