ਘਰੇ ਇਕੱਲੇ ਰਹਿ ਰਹੇ ਬਜ਼ੁਰਗ ਨਾਲ ਵੱਡੀ ਵਾਰਦਾਤ, ਹੱਥ ਟਾਇਲਟ ਸੀਟ ਨਾਲ ਬੰਨ੍ਹ ਕੇ ਕੀਤਾ ਦਰਦਨਾਕ ਕੰਮ

Punjab

ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ, ਗੜ੍ਹਸ਼ੰਕਰ ਦੇ ਪਿੰਡ ਘਾਗੋ ਰੋਡਾਵਾਲੀ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਇੱਕ 82 ਸਾਲਾ ਵਿਅਕਤੀ ਨੂੰ ਬਾਥਰੂਮ ਵਿੱਚ ਬੰਨ੍ਹ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਬਜ਼ੁਰਗ ਧਰਮ ਚੰਦ ਦੇ ਪਰਸ ਵਿੱਚੋਂ ਪੈਸੇ ਵੀ ਗਾਇਬ ਸਨ। ਹਾਲਾਂਕਿ ਚੋਰੀ ਦਾ ਕੀ ਕਾਰਨ ਹੈ, ਇਹ ਤਾਂ ਮ੍ਰਿਤਕ ਧਰਮ ਚੰਦ ਦੇ ਪੁੱਤਰਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪੁਲੀਸ ਨੇ ਇਸ ਕਤਲ ਕੇਸ ਵਿੱਚ ਬਜ਼ੁਰਗ ਦੇ ਜਵਾਈ ਹਰਭਜਨ ਲਾਲ ਦੇ ਬਿਆਨਾਂ ਉਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਨੂੰ ਦਰਜ ਕਰਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਬਜੁਰਗ ਦੀ ਤਸਵੀਰ

ਮ੍ਰਿਤਕ 82 ਸਾਲਾ ਬਜ਼ੁਰਗ ਧਰਮ ਚੰਦ ਪੁੱਤਰ ਬੰਤਾ ਰਾਮ ਪਿੰਡ ਘਾਗੋ ਰੋਡੇਵਾਲੀ ਵਿੱਚ ਘਰ ਵਿੱਚ ਇਕੱਲਾ ਰਹਿੰਦਾ ਸੀ। ਉਸ ਦੇ ਤਿੰਨੋਂ ਪੁੱਤਰ ਵਿਦੇਸ਼ ਵਿਚ ਰਹਿੰਦੇ ਹਨ। ਉਸ ਨੂੰ ਗੁਆਂਢ ਵਿੱਚ ਰਹਿੰਦੇ ਕਮਲਜੀਤ ਪੁੱਤਰ ਗੁਰਨਾਮ ਸਿੰਘ ਦੇ ਪਰਿਵਾਰ ਵੱਲੋਂ ਰੋਟੀ ਅਤੇ ਖਾਣ-ਪੀਣ ਦਾ ਸਮਾਨ ਦਿੱਤਾ ਜਾਂਦਾ ਸੀ। ਸ਼ੁੱਕਰਵਾਰ ਨੂੰ ਰਾਤ ਸਾਢੇ ਅੱਠ ਵਜੇ ਦੇ ਕਰੀਬ ਜਦੋਂ ਗੁਰਨਾਮ ਸਿੰਘ ਰੋਟੀ ਦੇਣ ਗਿਆ ਤਾਂ ਧਰਮ ਚੰਦ ਉਥੇ ਨਹੀਂ ਸੀ। ਇਸ ਤੇ ਗੁਰਨਾਮ ਸਿੰਘ ਨੇ ਉਸ ਦੇ ਜਵਾਈ ਹਰਭਜਨ ਲਾਲ ਵਾਸੀ ਸਾਧੋਵਾਲ ਨੂੰ ਫੋਨ ਕੀਤਾ। ਅੱਧੇ ਘੰਟੇ ਵਿੱਚ ਉਹ ਆਪਣੇ ਪਰਿਵਾਰ ਸਮੇਤ ਉੱਥੇ ਪਹੁੰਚ ਗਿਆ ਅਤੇ ਸਾਰੇ ਕਮਰਿਆਂ ਨੂੰ ਚੈੱਕ ਕੀਤਾ ਗਿਆ ਅਤੇ ਪਿੰਡ ਵਿਚ ਕਿਸੇ ਹੋਰ ਥਾਂ ‘ਤੇ ਪਰਿਵਾਰ ਦਾ ਇਕ ਕਮਰਾ ਹੋਰ ਸੀ, ਉਥੇ ਜਾ ਕੇ ਚੈੱਕ ਕੀਤਾ ਪਰ ਧਰਮ ਚੰਦ ਉਥੇ ਵੀ ਨਹੀਂ ਮਿਲਿਆ।

ਅਮਰੀਕਾ ਵਿਚ ਰਹਿੰਦੇ ਧਰਮ ਚੰਦ ਦੇ ਇਕ ਪੁੱਤਰ ਦਾ ਕਮਰਾ ਬੰਦ ਸੀ। ਧਰਮ ਚੰਦ ਦੇ ਭਤੀਜੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਥਾਂ-ਥਾਂ ਚੈੱਕ ਕੀਤੀ ਹੈ ਪਰ ਤੇਰਾ ਪਿਤਾ ਕਿਤੇ ਨਹੀਂ ਮਿਲਿਆ। ਇਸ ਤੇ ਬੇਟੇ ਨੇ ਕਿਹਾ ਕਿ ਤਾਲਾ ਤੋੜ ਕੇ ਦੇਖੋ। ਕਮਰੇ ਦਾ ਤਾਲਾ ਨਾ ਖੁੱਲ੍ਹਣ ਤੇ ਉਥੇ ਮੌਜੂਦ ਲੋਕਾਂ ਨੇ ਖਿੜਕੀ ਨੂੰ ਉਖਾੜ ਕੇ ਅੰਦਰ ਜਾ ਕੇ ਦੇਖਿਆ ਤਾਂ ਧਰਮ ਚੰਦ ਕਮਰੇ ਦੇ ਬਾਥਰੂਮ ਵਿਚ ਟਾਇਲਟ ਸੀਟ ਨਾਲ ਬੰਨ੍ਹਿਆ ਹੋਇਆ ਸੀ। ਉਸਦੇ ਮੂੰਹ ਵਿੱਚ ਇੱਕ ਕੱਪੜਾ ਦਿੱਤਾ ਹੋਇਆ ਸੀ। ਮੂੰਹ ‘ਤੇ ਲਾਲ ਨਿਸ਼ਾਨ ਸਨ। ਧਰਮ ਚੰਦ ਦੀ ਮੌਤ ਹੋ ਚੁੱਕੀ ਸੀ। ਇਸ ਮਗਰੋਂ ਗੜ੍ਹਸ਼ੰਕਰ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਧਰਮ ਚੰਦ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।

ਇਸ ਮਾਮਲੇ ਸਬੰਧੀ ਐਸਐਚਓ ਕਰਨੈਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਧਰਮ ਚੰਦ ਦਾ ਕਤਲ ਕੀਤਾ ਹੈ, ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਲਦੀ ਹੀ ਦੋਸ਼ੀ ਫੜ ਲਏ ਜਾਣਗੇ। ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਧਰਮ ਚੰਦ ਦੇ ਜਵਾਈ ਹਰਭਜਨ ਲਾਲ ਨੇ ਦੱਸਿਆ ਕਿ ਅਣਪਛਾਤੇ ਕਾਤਲਾਂ ਨੇ ਧਰਮ ਚੰਦ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਉਸ ਦੇ ਹੱਥ ਪਲਾਸਟਿਕ ਦੀ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਟਾਇਲਟ ਸੀਟ ਨਾਲ ਰੱਸੀ ਬੰਨ੍ਹੀ ਹੋਈ ਸੀ। ਉਸ ਦੇ ਚਿਹਰੇ ਅਤੇ ਗਰਦਨ ਉਪਰ ਲਾਲ ਨਿਸ਼ਾਨ ਸਨ। ਉਸਦੇ ਮੂੰਹ ਵਿੱਚ ਇੱਕ ਕੱਪੜਾ ਦਿੱਤਾ ਹੋਇਆ ਸੀ।

ਘਰ ਦੀਆਂ ਅਲਮਾਰੀਆਂ ਅਤੇ ਹੋਰ ਸਾਮਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਅਲਮਾਰੀਆਂ ਵਿੱਚੋਂ ਸਾਮਾਨ ਚੋਰੀ ਹੋ ਗਿਆ ਹੈ। ਉਸ ਦੇ ਪਰਸ ਵਿਚ ਹਮੇਸ਼ਾ ਕਾਫੀ ਪੈਸੇ ਹੁੰਦੇ ਸਨ ਪਰ ਪਰਸ ਵਿਚੋਂ ਪੈਸੇ ਨਹੀਂ ਮਿਲੇ। ਕਾਤਲ ਚੋਰੀ ਕਰਨ ਆਏ ਜਾਪਦੇ ਹਨ ਅਤੇ ਪਛਾਣ ਹੋਣ ਤੇ ਹੀ ਉਨ੍ਹਾਂ ਨੇ ਧਰਮ ਚੰਦ ਦਾ ਕਤਲ ਕਰ ਦਿੱਤਾ। ਚੋਰੀ ਕੀ-ਕੀ ਹੋਇਆ ਹੈ ਇਹ ਉਸ ਦੇ ਪੁੱਤਰਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ।

Leave a Reply

Your email address will not be published. Required fields are marked *