9 ਸਾਲਾਂ ਤੋਂ ਭਗੌੜਾ NRI ਲਾੜਾ, ਦੋ ਪਤਨੀਆਂ ਨੂੰ ਗੁਮਰਾਹ ਕਰਕੇ ਇਸ ਤਰ੍ਹਾਂ ਕਰਾਇਆ ਤੀਜਾ ਵਿਆਹ

Punjab

ਇਹ ਖਬਰ ਪੰਜਾਬ ਦੇ ਜਿਲ੍ਹਾ ਜਲੰਧਰ, ਫਿਲੌਰ ਤੋਂ ਹੈ। ਐਨਆਰਆਈ ਲਾੜਿਆਂ ਵੱਲੋਂ ਭੋਲੇ ਭਾਲੇ ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ ਦੇ ਨਾਂ ’ਤੇ ਠੱਗਣ ਦੀਆਂ ਅਕਸਰ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਫਿਲੌਰ ਵਿੱਚ ਸਾਹਮਣੇ ਆਇਆ ਹੈ। ਇਸ ਵਿੱਚ ਨੌਂ ਸਾਲ ਤੋਂ ਭਗੌੜੇ ਚੱਲ ਰਹੇ ਐਨਆਰਆਈ ਲਾੜੇ ਨੇ ਬਿਨਾਂ ਤਲਾਕ ਦਿੱਤੇ ਤੀਸਰਾ ਵਿਆਹ ਕਰਾ ਲਿਆ। ਪਹਿਲੀ ਅਤੇ ਦੂਜੀ ਪਤਨੀ ਦੇ ਰਿਸ਼ਤੇਦਾਰਾਂ ਨੇ ਮਿਲ ਕੇ ਪ੍ਰੈੱਸ ਕਾਨਫਰੰਸ ਕਰਕੇ NRI ਲਾੜੇ ‘ਤੇ ਦੋ ਜ਼ਿੰਦਗੀਆਂ ਬਰਬਾਦ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਵੀ ਲਾਇਆ ਗਿਆ ਹੈ।

ਹਰਨਿੰਦਰ ਕੌਰ ਵਾਸੀ ਖਾਨਪੁਰ ਤਹਿਸੀਲ ਫਿਲੌਰ ਦਾ ਵਿਆਹ ਸਾਲ 2006 ਵਿੱਚ ਸਤਵਿੰਦਰ ਸਿੰਘ ਬੱਲ ਵਾਸੀ ਪਿੰਡ ਬਤਾਲਾ ਪੱਤੀ ਬਾਬਾ ਪੱਲਾ ਜੀ ਥਾਣਾ ਬਿਆਸ ਨਾਲ ਹੋਇਆ ਸੀ। ਵਿਆਹ ਤੋਂ ਬਾਅਦ 29 ਸਤੰਬਰ 2007 ਨੂੰ ਇਕ ਪੁੱਤਰ ਲਕਸ਼ਦੀਪ ਸਿੰਘ ਨੇ ਜਨਮ ਲਿਆ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਤਵਿੰਦਰ ਸਿੰਘ ਅਤੇ ਉਸਦੇ ਮਾਤਾ-ਪਿਤਾ ਜੋਗਿੰਦਰ ਕੌਰ ਅਤੇ ਸਰਬਜੀਤ ਸਿੰਘ ਨੇ ਹਰਨਿੰਦਰ ਕੌਰ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਰਨਿੰਦਰ ਕੌਰ ਨੇ ਫਿਲੌਰ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਸਤਵਿੰਦਰ ਸਿੰਘ ਅਤੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਸ ਦੌਰਾਨ ਸਤਵਿੰਦਰ ਸਿੰਘ ਵਿਦੇਸ਼ ਭੱਜ ਗਿਆ ਅਤੇ 2013 ਵਿੱਚ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ। ਵਿਦੇਸ਼ ਵਿਚ ਹੀ ਸਤਵਿੰਦਰ ਸਿੰਘ ਦੀ ਮੁਲਾਕਾਤ ਰਾਮਧਰਨ ਪੁੱਤਰੀ ਸਰਬਜੀਤ ਕੁਮਾਰੀ ਵਾਸੀ ਰਾਮਗੜ੍ਹ, ਤਹਿਸੀਲ ਫਿਲੌਰ ਨਾਲ ਹੋਈ।

ਸਤਵਿੰਦਰ ਸਿੰਘ ਨੇ ਸਰਬਜੀਤ ਕੁਮਾਰੀ ਨੂੰ ਕੁਆਰਾ ਕਹਿ ਕੇ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ। ਵਿਦੇਸ਼ ‘ਚ ਸਤਵਿੰਦਰ ਸਿੰਘ ਨੇ ਭਾਰਤ ‘ਚ ਰਹਿੰਦੇ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਅਣਵਿਆਹੇ ਹੋਣ ਦਾ ਸਰਟੀਫਿਕੇਟ ਬਣਵਾਇਆ ਅਤੇ ਫਿਰ ਸਰਬਜੀਤ ਨਾਲ ਵਿਆਹ ਕਰਵਾ ਲਿਆ। ਕੁਝ ਸਮੇਂ ਬਾਅਦ ਸਰਬਜੀਤ ਅਤੇ ਸਤਵਿੰਦਰ ਸਿੰਘ ਭਾਰਤ ਆ ਗਏ। ਇੱਥੇ ਸਰਬਜੀਤ ਨੇ ਸਤਵਿੰਦਰ ਸਿੰਘ ਬੱਲ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਘਰ ਵਿੱਚ ਦੇਖੀਆਂ। ਸਰਬਜੀਤ ਨੇ ਆਪਣੇ ਪਤੀ ਅਤੇ ਸਹੁਰੇ ਤੋਂ ਉਕਤ ਵਿਆਹ ਦੀ ਸੱਚਾਈ ਪੁੱਛੀ ਤਾਂ ਸਹੁਰਿਆਂ ਨੇ ਕਿਹਾ ਕਿ ਉਸਦਾ ਤਲਾਕ ਹੋ ਚੁੱਕਾ ਹੈ, ਜਦੋਂ ਸਰਬਜੀਤ ਕੌਰ ਨੇ ਤਲਾਕ ਦੇ ਕਾਗਜ਼ ਮੰਗੇ ਤਾਂ ਪਰਿਵਾਰ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ।

ਉਸ ਨੇ ਦੋਸ਼ ਲਾਇਆ ਕਿ ਪਰਿਵਾਰ ਨੇ ਪਹਿਲੇ ਵਿਆਹ ਦੀਆਂ ਫੋਟੋਆਂ ਪਾੜ ਦਿੱਤੀਆਂ ਅਤੇ ਸਰਬਜੀਤ ਕੁਮਾਰੀ ਦੀ ਕੁੱਟਮਾਰ ਵੀ ਸ਼ੁਰੂ ਕਰ ਦਿੱਤੀ ਅਤੇ ਘਰੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਸਤਵਿੰਦਰ ਨੇ ਤੀਜੀ ਲੜਕੀ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਵਿਆਹ ਕਰਵਾ ਲਿਆ। ਸਰਬਜੀਤ ਕੁਮਾਰੀ ਦੇ ਮਾਪਿਆਂ ਦਾ ਕਹਿਣਾ ਹੈ ਕਿ 30 ਸਤੰਬਰ 2022 ਨੂੰ ਸਤਵਿੰਦਰ ਨੇ ਤੀਜਾ ਵਿਆਹ ਕੀਤਾ ਹੈ।

ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਬਿਆਸ ਥਾਣੇ ਵਿੱਚ ਜਾ ਕੇ ਤੀਸਰਾ ਵਿਆਹ ਰੋਕਣ ਦੀ ਬੇਨਤੀ ਕੀਤੀ ਪਰ ਪੁਲੀਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਪਰਿਵਾਰਾਂ ਨੇ ਐਸਐਸਪੀ ਦਿਹਾਤੀ ਤੋਂ ਮੰਗ ਕੀਤੀ ਹੈ ਕਿ ਤਲਾਕ ਦਿੱਤੇ ਬਿਨਾਂ ਭਗੌੜੇ ਚੱਲ ਰਹੇ ਸਤਵਿੰਦਰ ਸਿੰਘ ਬੱਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮਾਮਲੇ ਸਬੰਧੀ ਜਦੋਂ ਐਸਐਚਓ ਫਿਲੌਰ ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਹੈ। ਸਤਵਿੰਦਰ ਸਿੰਘ ਬਾਰੇ ਸੂਚਨਾ ਮਿਲਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *