ਇਹ ਖੌਫਨਾਕ ਖਬਰ ਪਟਨਾ ਤੋਂ ਪ੍ਰਾਪਤ ਹੋਈ ਹੈ। ਇਥੇ ਕੰਕੜਬਾਗ ਥਾਣਾ ਖੇਤਰ ਦੇ ਪੋਸਟਲ ਪਾਰਕ ਨੇੜੇ ਪ੍ਰੇਮੀ ਨਾਲ ਭੈਣ ਨੂੰ ਦੇਖ ਕੇ ਗੁੱਸੇ ਵਿਚ ਆਏ ਭਰਾ ਨੇ ਪ੍ਰੇਮੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਸ ਘਟਨਾ ਦੇ ਦੂਜੇ ਦਿਨ ਐਤਵਾਰ ਸਵੇਰੇ ਪ੍ਰੇਮੀ ਦੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਇਦਿੱਤਾ। ਇਸ ਨੌਜਵਾਨ ਦੀ ਪਛਾਣ 22 ਸਾਲਾ ਛੋਟੂ ਕੁਮਾਰ ਦੇ ਰੂਪ ਵਜੋਂ ਹੋਈ ਹੈ, ਜੋ ਡੀਜੇ ਆਪਰੇਟਰ ਸੀ।
ਇਸ ਮਾਮਲੇ ਵਿਚ ਕੰਕੜਬਾਗ ਦੇ ਐਸਐਚਓ ਰਵੀ ਸ਼ੰਕਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਛੋਟੂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਲੜਕੀ ਦੇ ਪਿਤਾ, ਭਰਾ ਅਤੇ ਭਰਾ ਦੇ ਦੋਸਤ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੀ, ਉਸ ਦੇ ਮਾਤਾ-ਪਿਤਾ ਅਤੇ ਭਰਾ ਦੇ ਦੋਸਤ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਛੋਟੂ ਚੰਦਮਾੜੀ ਰੋਡ ‘ਤੇ ਸਥਿਤ ਮੁਨਸ਼ੀ ਭਗਤ ਲੇਨ ਵਿਚ ਰਹਿੰਦਾ ਸੀ। ਉਹ ਚਾਰ ਭਰਾਵਾਂ ਵਿੱਚੋਂ ਦੂਜਾ ਸੀ। ਇਸ ਦੇ ਨਾਲ ਹੀ ਲੜਕੀ ਪੋਸਟਲ ਪਾਰਕ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਲੜਕੀ ਦੇ ਪਿਤਾ ਦੀ ਸੱਤੂ ਦੀ ਦੁਕਾਨ ਹੈ। ਛੋਟੂ ਅਤੇ ਲੜਕੀ ਦੀ ਪਛਾਣ ਕਈ ਮਹੀਨਿਆਂ ਤੋਂ ਸੀ। ਸ਼ਨੀਵਾਰ ਦੁਪਹਿਰ ਕਰੀਬ ਤਿੰਨ ਵਜੇ ਦੋਵੇਂ ਸ਼ਾਲੀਮਾਰ ਲੇਨ ਹੁੰਦੇ ਹੋਏ ਇਕੱਠੇ ਕਿਤੇ ਜਾ ਰਹੇ ਸਨ। ਉਸ ਸਮੇਂ ਲੜਕੀ ਦੇ ਭਰਾ ਨੇ ਦੋਵਾਂ ਨੂੰ ਇਕੱਠੇ ਦੇਖ ਲਿਆ। ਲੜਕੀ ਦੇ ਭਰਾ ਨੇ ਆਪਣੇ ਦੋਸਤ ਅਤੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਛੋਟੂ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਤੋਂ ਬਾਅਦ ਲੜਕੀ ਅਤੇ ਉਸ ਦੇ ਪਰਿਵਾਰ ਵਾਲੇ ਉਥੋਂ ਚਲੇ ਗਏ ਅਤੇ ਛੋਟੂ ਵੀ ਘਰ ਚਲਿਆ ਗਿਆ।
ਸਵੇਰੇ ਤਬੀਅਤ ਵਿਗੜਨ ਤੋਂ ਬਾਅਦ ਦੱਸੀ ਹੱਡਬੀਤੀ
ਛੋਟੂ ਨੇ ਘਰ ਪਹੁੰਚ ਕੇ ਕਿਸੇ ਨੂੰ ਵੀ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ। ਰਾਤ ਦੇ ਸਾਢੇ ਨੌਂ ਵਜੇ ਉਹ ਦੁੱਧ ਪੀ ਕੇ ਸੌਂ ਗਿਆ। ਐਤਵਾਰ ਸਵੇਰੇ ਸੱਤ ਵਜੇ ਜਦੋਂ ਉਹ ਉੱਠਿਆ ਤਾਂ ਉਸ ਦੇ ਪੇਟ ਵਿੱਚ ਦਰਦ ਹੋਣ ਲੱਗਿਆ। ਫਿਰ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਲੜਕੀ ਦੇ ਪਿਤਾ, ਭਰਾ, ਭਰਾ ਦੇ ਦੋਸਤ ਨੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਰਿਸ਼ਤੇਦਾਰ ਉਸ ਨੂੰ ਪੀਐਮਸੀਐਚ ਲੈ ਗਏ, ਜਿੱਥੇ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣਾ ਕੰਕੜਬਾਗ ਨੂੰ ਇਸ ਘਟਨਾ ਬਾਰੇ ਦੱਸਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।