ਪੰਜਾਬ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਦੇ ਪਿੰਡ ਕੋਹਾਲੀ ਵਿੱਚ ਸ਼ੱਕੀ ਹਾਲਤ ਵਿੱਚ ਇੱਕ ਵਿਆਹੁਤਾ ਔਰਤ ਦੀ ਲਾਸ਼ ਬਾਥਰੂਮ ਵਿੱਚ ਲਟਕਦੀ ਮਿਲੀ ਹੈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ ਉਤੇ ਕਤਲ ਦਾ ਦੋਸ਼ ਲਗਾਇਆ ਹੈ। ਫਿਲਹਾਲ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਪੇਕੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਸਹੁਰੇ ਪਰਿਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਮ੍ਰਿਤਕ ਲੜਕੀ ਰੀਨਾ ਦੇ ਪਿਤਾ ਤਰਸੇਮ ਮਸੀਹ ਵਾਸੀ ਪਿੰਡ ਗਹੋਤ ਖੁਰਦ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਰਛਪਾਲ ਮਸੀਹ ਵਾਸੀ ਪਿੰਡ ਕੋਹਾਲੀ ਦੇ ਨਾਲ ਹੋਇਆ ਸੀ। ਰੀਨਾ ਦੇ ਦੋ ਬੱਚੇ ਹਨ। ਰਛਪਾਲ ਮਸੀਹ, ਸਹੁਰਾ ਅਤੇ ਸੱਸ ਅਕਸਰ ਰੀਨਾ ਦੀ ਕੁੱਟਮਾਰ ਕਰਦੇ ਰਹਿੰਦੇ ਸਨ। ਇਸ ਬਾਰੇ ਰਛਪਾਲ ਨੂੰ ਕਈ ਵਾਰ ਰਿਸ਼ਤੇਦਾਰਾਂ ਦੇ ਨਾਲ ਸਮਝਾਇਆ ਵੀ ਗਿਆ ਸੀ ਪਰ ਉਹ ਨਹੀਂ ਮੰਨਿਆ ਅਤੇ ਰੀਨਾ ਦੀ ਕੁੱਟਮਾਰ ਕਰਦਾ ਰਿਹਾ।
ਮ੍ਰਿਤਕ ਲੜਕੀ ਦੇ ਪਿਤਾ ਤਰਸੇਮ ਮਸੀਹ ਦਾ ਕਹਿਣਾ ਹੈ ਕਿ ਸੋਮਵਾਰ ਦੀ ਰਾਤ ਨੂੰ ਰੀਨਾ ਦੇ ਪਤੀ ਅਤੇ ਸੱਸ ਸਹੁਰੇ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਰੀਨਾ ਨੂੰ ਬਾਥਰੂਮ ਵਿਚ ਲਿਜਾ ਕੇ ਅਤੇ ਉਸ ਦੇ ਗਲੇ ਵਿਚ ਚੁੰਨੀ ਬੰਨ੍ਹ ਕੇ ਲਟਕਾ ਕੇ ਖੁਦਕੁਸ਼ੀ ਦਾ ਡਰਾਮਾ ਕਰ ਰਹੇ ਹਨ। ਦੂਜੇ ਪਾਸੇ ਥਾਣਾ ਘੁਮਾਣ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ, ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕਾਰਨ ਸਾਹਮਣੇ ਆਉਣਗੇ ਉਸ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਨੂੰ ਹਿਰਾਸਤ ਦੇ ਵਿਚ ਲੈ ਲਿਆ ਹੈ।